ਝਾਰਖੰਡ/ਚਾਈਬਾਸਾ: ਅੱਜ ਵੀ ਅੰਧਵਿਸ਼ਵਾਸ਼ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਲੋਕ ਆਪਣਾ ਘਰ ਵਸਾਉਣ ਲਈ ਦੂਜਿਆਂ ਦਾ ਕਤਲ ਕਰ ਕਾਤਲ ਬਣ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਬੰਦਗਾਓਂ ਬਲਾਕ ਦੇ ਤੇਬੋ ਥਾਣੇ ਤੋਂ ਸਾਹਮਣੇ ਆਇਆ ਹੈ। ਇਹ ਖੇਤਰ ਬਹੁਤ ਜ਼ਿਆਦਾ ਨਕਸਲ ਪ੍ਰਭਾਵਿਤ ਹੈ। ਇੱਥੇ ਇੱਕ ਪਿੰਡ ਵਿੱਚ ਤਿੰਨ ਲੋਕਾਂ ਦਾ ਕਤਲ ਕੀਤਾ ਗਿਆ। ਜਾਦੂ-ਟੂਣੇ ਦੇ ਸ਼ੱਕ 'ਚ ਇੱਕ ਬਜ਼ੁਰਗ ਜੋੜੇ ਸਮੇਤ ਉਨ੍ਹਾਂ ਦੀ 24 ਸਾਲਾ ਧੀ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਲੋਕਾਂ ਨੇ ਦੇਖੀਆਂ ਲਾਸ਼ਾਂ
ਸ਼ੁੱਕਰਵਾਰ ਨੂੰ ਪਿੰਡ ਵਾਸੀਆਂ ਨੇ ਜੰਗਲ 'ਚ ਤਿੰਨ ਲੋਕਾਂ ਦੀਆਂ ਲਾਸ਼ਾਂ ਦੇਖੀਆਂ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦੇਣ 'ਤੇ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਤਿੰਨੋਂ ਲਾਸ਼ਾਂ ਨੰਗੀਆਂ ਸਨ, ਉਨ੍ਹਾਂ ਦੇ ਸਿਰ ਅਤੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੱਟੇ ਜਾਣ ਦੇ ਨਿਸ਼ਾਨ ਸਨ। ਬਰਾਮਦ ਹੋਈਆਂ ਲਾਸ਼ਾਂ ਦੀ ਪਛਾਣ ਤੇਬੋ ਥਾਣਾ ਖੇਤਰ ਦੇ 57 ਸਾਲਾ ਵਿਅਕਤੀ, 48 ਸਾਲਾ ਔਰਤ ਅਤੇ 24 ਸਾਲਾ ਲੜਕੀ ਵਜੋਂ ਹੋਈ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੇ ਚਾਚਾ, ਮਾਸੀ ਅਤੇ ਉਨ੍ਹਾਂ ਦੀ ਚਚੇਰੀ ਭੈਣ ਦਾ ਜਾਦੂ-ਟੂਣੇ ਦੇ ਇਲਜ਼ਾਮ ਵਿੱਚ ਕਤਲ ਕੀਤਾ ਗਿਆ ਹੋ ਸਕਦਾ ਹੈ। ਕਿਉਂਕਿ ਇਸ ਇਲਾਕੇ ਵਿੱਚ ਅੰਧਵਿਸ਼ਵਾਸ ਕਾਰਨ ਕਈ ਕਤਲ ਹੋ ਚੁੱਕੇ ਹਨ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਇਸ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਇੰਚਾਰਜ ਵਿਕਰਾਂਤ ਕੁਮਾਰ ਮੁੰਡਾ ਨੇ ਕਿਹਾ ਕਿ ਇਹ ਜਾਦੂ-ਟੂਣਾ ਦਾ ਮਾਮਲਾ ਹੈ ਜਾਂ ਨਹੀਂ ਇਹ ਜਾਂਚ ਦਾ ਵਿਸ਼ਾ ਹੈ।ਜਾਂਚ ਕਰਨ ਤੋਂ ਬਾਅਦ ਹੀ ਇਸ ਸੰਬੰਧ ਵਿੱਚ ਕੁਝ ਕਹਿਣਾ ਸਹੀ ਹੋਵੇਗਾ। ਪੁਲਿਸ ਵੱਲੋਂ ਜਲਦ ਹੀ ਇਸ ਮਾਮਲੇ ਦਾ ਖੁਲਾਸਾ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਦੱਸ ਦਈਏ ਕਿ ਪੱਛਮੀ ਸਿੰਘ ਜ਼ਿਲ੍ਹੇ ਦੇ ਚੱਕਰਧਰਪੁਰ ਪੋਡਾਹਾਟ ਉਪਮੰਡਲ 'ਚ ਇਕ ਹਫ਼ਤੇ 'ਚ 6 ਲੋਕਾਂ ਦਾ ਕਤਲ ਹੋ ਚੁੱਕਿਆ ਹੈ। ਹਾਲ ਹੀ ਵਿੱਚ ਤਿੰਨ ਹੌਲਦਾਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਲੋਕ ਅਜੇ ਤੱਕ ਉਸ ਘਟਨਾ ਨੂੰ ਨਹੀਂ ਭੁੱਲੇ ਸਨ ਅਤੇ ਇਸ ਵਾਰ ਫਿਰ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ।