ਨਵੀਂ ਦਿੱਲੀ: ਦਿੱਲੀ ਮੈਟਰੋ ਦੇ ਪਿੰਕ ਰੂਟ 'ਤੇ ਵੀਰਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਗੋਕੁਲਪੁਰੀ ਮੈਟਰੋ ਸਟੇਸ਼ਨ ਦੇ ਪਲੇਟਫਾਰਮ ਦੇ ਪੂਰਬ ਵੱਲ ਬਣੀ ਰੇਲਿੰਗ ਟੁੱਟ ਕੇ ਸੜਕ 'ਤੇ ਡਿੱਗ ਗਈ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਹੇਠਾਂ ਕਈ ਬਾਈਕ ਖੜ੍ਹੀਆਂ ਸਨ, ਜਿਨ੍ਹਾਂ 'ਤੇ ਮਲਬਾ ਡਿੱਗ ਗਿਆ। ਦਿੱਲੀ ਸਰਕਾਰ ਨੇ ਗੋਕੁਲਪੁਰੀ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ 2 ਹਫਤਿਆਂ 'ਚ ਰਿਪੋਰਟ ਮੰਗੀ ਹੈ।
ਉੱਤਰ ਪੂਰਬੀ ਜ਼ਿਲ੍ਹਾ ਪੁਲਿਸ ਦੇ ਡੀਸੀਪੀ ਡਾ.ਜੋਏ ਟਿਰਕੀ ਅਨੁਸਾਰ ਇਹ ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ। ਗੋਕੁਲਪੁਰੀ ਮੈਟਰੋ ਸਟੇਸ਼ਨ ਦੀ ਚਾਰਦੀਵਾਰੀ (ਪੂਰਬੀ ਪਾਸੇ) ਦਾ ਇੱਕ ਹਿੱਸਾ ਹੇਠਾਂ ਸੜਕ 'ਤੇ ਡਿੱਗ ਗਿਆ। ਇਸ ਹਾਦਸੇ 'ਚ ਘੱਟੋ-ਘੱਟ 3 ਤੋਂ 4 ਲੋਕ ਜ਼ਖਮੀ ਹੋਏ ਹਨ। ਮਲਬੇ ਹੇਠ ਦੱਬ ਕੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਪੁਲਿਸ ਮੁਲਾਜ਼ਮਾਂ ਨੇ ਲੋਕਾਂ ਦੀ ਮਦਦ ਨਾਲ ਮਲਬੇ ਹੇਠ ਦੱਬੇ ਵਿਅਕਤੀ ਨੂੰ ਬਾਹਰ ਕੱਢਿਆ। ਘਟਨਾ ਦੇ ਸਮੇਂ ਉਹ ਆਪਣੇ ਸਕੂਟਰ 'ਤੇ ਸਵਾਰ ਸੀ। ਉਸ ਨੂੰ ਤੁਰੰਤ ਜੀਟੀਬੀ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਸੀਬੀ ਅਤੇ ਕਰੇਨ ਦੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਸਥਾਨਕ ਪੁਲਿਸ ਅਤੇ ਮੈਟਰੋ ਕਰਮਚਾਰੀ ਮੌਕੇ 'ਤੇ ਮੌਜੂਦ ਹਨ। ਇਸ ਮਾਮਲੇ ਵਿੱਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇਗਾ। ਫਿਲਹਾਲ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਸਹਾਇਕ ਡਵੀਜ਼ਨਲ ਫਾਇਰ ਅਫ਼ਸਰ ਕੇ ਮੀਨਾ ਅਨੁਸਾਰ ਫਾਇਰ ਬ੍ਰਿਗੇਡ ਨੂੰ 11:10 ਵਜੇ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਉਦੋਂ ਤੱਕ ਪੁਲਿਸ ਵੀ ਪਹੁੰਚ ਚੁੱਕੀ ਸੀ ਅਤੇ ਦੋਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਦੋ ਜ਼ਖਮੀਆਂ ਨੂੰ ਵੀ ਮਲਬੇ 'ਚੋਂ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਕੁਝ ਹਿੱਸਾ ਅਜੇ ਵੀ ਖ਼ਤਰਨਾਕ ਸਥਿਤੀ ਵਿੱਚ ਲਟਕਿਆ ਹੋਇਆ ਹੈ, ਜਿਸ ਨੂੰ ਹਟਾਉਣ ਦੀ ਲੋੜ ਹੈ।