ਮਹਾਰਾਸ਼ਟਰ/ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਅਸ਼ੋਕ ਚਵਾਨ ਨੇ ਅੱਜ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸ਼ੋਕ ਚਵਾਨ ਜਲਦ ਹੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਮਿਲਿੰਦ ਦੇਵੜਾ ਅਤੇ ਬਾਬਾ ਸਿੱਦੀਕੀ ਵੀ ਕਾਂਗਰਸ ਤੋਂ ਅਸਤੀਫਾ ਦੇ ਚੁੱਕੇ ਹਨ। ਦੇਵੜਾ ਸ਼ਿੰਦੇ ਗਰੁੱਪ ਵਿੱਚ ਸ਼ਾਮਿਲ ਹੋ ਗਏ ਸੀ। ਇਸ ਦੇ ਨਾਲ ਹੀ ਬਾਬਾ ਸਿੱਦੀਕੀ ਅਜੀਤ ਪਵਾਰ ਦੀ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸਿਆ ਗਿਆ ਹੈ ਕਿ ਅਸ਼ੋਕ ਚਵਾਨ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਤੋਂ ਨਾਰਾਜ਼ ਹਨ। ਸੂਤਰਾਂ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਅਸ਼ੋਕ ਚਵਾਨ ਦੇ ਸੰਪਰਕ ਵਿੱਚ ਕਰੀਬ ਇੱਕ ਦਰਜਨ ਕਾਂਗਰਸੀ ਆਗੂ ਹਨ, ਜੋ ਛੇਤੀ ਹੀ ਆਪਣਾ ਪੱਖ ਬਦਲ ਸਕਦੇ ਹਨ।
ਪਿਤਾ ਵੀ ਰਹਿ ਚੁੱਕੇ ਹਨ ਮਹਾਰਾਸ਼ਟਰ ਦੇ ਮੁੱਖ ਮੰਤਰੀ: ਦੱਸ ਦੇਈਏ ਕਿ ਅਸ਼ੋਕ ਚਵਾਨ 2008 ਤੋਂ 2010 ਤੱਕ ਮਹਾਰਾਸ਼ਟਰ ਦੇ ਸੀਐਮ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਸ਼ੰਕਰ ਰਾਓ ਚਵਾਨ ਵੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਨ। ਅਸ਼ੋਕ ਚਵਾਨ 2015 ਤੋਂ 2019 ਤੱਕ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਵੀ ਰਹੇ। ਉਹ 1987 ਵਿੱਚ ਪਹਿਲੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਅਸ਼ੋਕ ਚਵਾਨ ਦੇ ਅਸਤੀਫੇ ਤੋਂ ਬਾਅਦ ਨਾਨਾ ਪਟੋਲੇ ਪਾਰਟੀ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਰਵਾਨਾ ਹੋ ਗਏ ਹਨ। ਅਸ਼ੋਕ ਚਵਾਨ ਮਹਾਰਾਸ਼ਟਰ ਦੇ ਔਰੰਗਾਬਾਦ ਦੇ ਰਹਿਣ ਵਾਲੇ ਹਨ।