ਜੰਮੂ-ਕਸ਼ਮੀਰ/ਜੰਮੂ— ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ 'ਚ ਭਾਰਤੀ ਫੌਜ ਦੇ ਕਾਫਲੇ 'ਤੇ ਅੱਤਵਾਦੀ ਹਮਲਾ ਹੋਇਆ ਹੈ। ਹਮਲੇ 'ਚ ਦੋ ਜਵਾਨ ਜ਼ਖਮੀ ਹੋਏ ਹਨ। ਰੱਖਿਆ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਕਠੂਆ ਦੇ ਮਾਛੇਡੀ ਇਲਾਕੇ 'ਚ ਅੱਤਵਾਦੀਆਂ ਨੇ ਫੌਜ ਦੇ ਕਾਫਲੇ 'ਤੇ ਹਮਲਾ ਕੀਤਾ। ਇਹ ਇਲਾਕਾ ਭਾਰਤੀ ਫੌਜ ਦੀ 9ਵੀਂ ਕੋਰ ਦੇ ਅਧੀਨ ਆਉਂਦਾ ਹੈ।
ਅੱਤਵਾਦੀਆਂ ਦੀ ਗੋਲੀਬਾਰੀ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਫਿਲਹਾਲ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਕਠੂਆ ਸ਼ਹਿਰ ਤੋਂ 150 ਕਿਲੋਮੀਟਰ ਦੂਰ ਬਦਨੋਟਾ ਪਿੰਡ ਵਿੱਚ ਵਾਪਰੀ, ਜਦੋਂ ਕੁਝ ਫੌਜ ਦੇ ਵਾਹਨ ਖੇਤਰ ਵਿੱਚ ਰੁਟੀਨ ਗਸ਼ਤ ਕਰ ਰਹੇ ਸਨ।
ਦੱਸ ਦੇਈਏ ਕਿ ਕੁਲਗਾਮ ਜ਼ਿਲੇ 'ਚ ਅੱਤਵਾਦੀਆਂ ਨਾਲ ਵੱਖ-ਵੱਖ ਮੁਕਾਬਲਿਆਂ 'ਚ 6 ਅੱਤਵਾਦੀ ਮਾਰੇ ਗਏ ਸਨ। ਇਸ ਆਪਰੇਸ਼ਨ ਦੌਰਾਨ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸੀ, ਰੱਖਿਆ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਿਕ ਸ਼ਨੀਵਾਰ ਨੂੰ ਕੁਲਗਾਮ ਜ਼ਿਲੇ 'ਚ ਦੋ ਵੱਖ-ਵੱਖ ਮੁਕਾਬਲੇ ਹੋਏ ਅਤੇ ਅਜੇ ਵੀ ਜਾਰੀ ਹਨ।
ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਪਹਿਲਾ ਮੁਕਾਬਲਾ ਮੋਦਰਗਾਮ ਪਿੰਡ 'ਚ ਹੋਇਆ ਸੀ। ਕੁਝ ਘੰਟਿਆਂ ਬਾਅਦ, ਜ਼ਿਲ੍ਹੇ ਦੇ ਫਰਿਸਲ ਚਿੰਨੀਗਾਮ ਖੇਤਰ ਵਿੱਚ ਇੱਕ ਹੋਰ ਮੁਕਾਬਲਾ ਸ਼ੁਰੂ ਹੋ ਗਿਆ। ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕੁਲਗਾਮ 'ਚ ਚੱਲ ਰਹੀ ਕਾਰਵਾਈ 'ਚ ਚਾਰ ਅੱਤਵਾਦੀ ਮਾਰੇ ਗਏ ਹਨ। ਮੁਕਾਬਲੇ ਵਿੱਚ ਭਾਰਤੀ ਫੌਜ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ ਸੀ।