ਲੁਧਿਆਣਾ: ਗੰਨੇ ਦੀ ਫਸਲ ਨੂੰ ਫਸਲੀ ਵਿਭਿੰਨਤਾ ਦੇ ਤੌਰ 'ਤੇ ਵਰਤਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਗੰਨੇ ਦੀ ਫਸਲ ਦੇ ਨਾਲ ਨਾ ਸਿਰਫ ਪਾਣੀ ਦੀ ਬੱਚਤ ਹੁੰਦੀ ਹੈ ਸਗੋਂ ਇਥੋਂਨੋਇਲ ਲਈ ਵੀ ਗੰਨੇ ਦੀ ਰਹਿੰਦ ਖੂੰਦ ਦਾ ਇਸਤੇਮਾਲ ਹੁੰਦਾ ਹੈ। ਭਾਰਤ ਪੈਟਰੋਲੀਅਮ ਨੂੰ ਲੈ ਕੇ ਆਤਮ ਨਿਰਭਰ ਬਣਨ ਦੇ ਪ੍ਰੋਜੈਕਟ ਦੇ ਵਿੱਚ 30 ਫੀਸਦੀ ਇੱਥੇਨੋਇਲ ਦੀ ਪੈਟਰੋਲੀਅਮ ਪਦਾਰਥਾਂ ਦੇ ਵਿੱਚ ਵਰਤੋਂ ਕਰਨ ਦਾ ਚਾਹਵਾਨ ਹੈ। ਜਿਸ ਵਿੱਚ ਗੰਨੇ ਦਾ ਅਹਿਮ ਰੋਲ ਹੋ ਸਕਦਾ ਹੈ। ਪਰ ਬੀਤੇ ਕੁਝ ਸਾਲਾਂ ਦੇ ਵਿੱਚ ਗੰਨੇ ਦੀ ਕਾਸ਼ਤ ਦੇ ਵਿੱਚ ਕਾਫੀ ਨਿਗਾਰ ਵੇਖਣ ਨੂੰ ਮਿਲਿਆ ਹੈ ਨਾ ਸਿਰਫ ਪੰਜਾਬ ਦੇ ਵਿੱਚ ਸਗੋਂ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਗੰਨੇ ਦਾ ਰਕਬਾ ਘਟਿਆ ਹੈ। ਇਸ ਰਕਬੇ ਨੂੰ ਵਧਾਉਣ ਦੇ ਲਈ ਮਾਹਰ ਹੁਣ ਚਿੰਤਿਤ ਹਨ ਅਤੇ ਫਸਲੀ ਵਿਭਿੰਨਤਾ ਦੇ ਤੌਰ ਤੇ ਗੰਨੇ ਨੂੰ ਝੋਨੇ ਦੇ ਇੱਕ ਚੰਗੇ ਬਦਲ ਵੱਜੋਂ ਵੇਖਿਆ ਜਾ ਰਿਹਾ ਹੈ।
ਗੰਨੇ ਦੀ ਖੇਤੀ
ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਪੰਜਾਬ ਦੇ ਵਿੱਚ ਅੰਕੜਿਆਂ ਦੇ ਮੁਤਾਬਕ 2022 ਤੱਕ ਲਗਭਗ 86 ਹਜ਼ਾਰ ਹੈਕਟੇਅਰ ਦੇ ਵਿੱਚ ਗੰਨੇ ਦੀ ਖੇਤੀ ਰਹਿ ਗਈ ਹੈ ਜੋ ਕਿ ਸਾਲ 2018 ਦੇ ਵਿੱਚ 97 ਹਜ਼ਾਰ ਹੈਕਟੇਅਰ ਸੀ। ਭਾਰਤ ਦੇ ਵਿੱਚ ਸਲਾਨਾ 34 ਮਿਲੀਅਨ ਮੀਟਰੀਕ ਟਨ ਚੀਨੀ ਦੀ ਬੜਾਈ ਜਾ ਰਹੀ ਹੈ ਜਿਸ ਵਿੱਚੋਂ 32 ਮਿਲੀਅਨ ਮੀਟਰਿਕ ਟਨ ਦੇਸ਼ ਦੇ ਵਿੱਚ ਵਰਤੀ ਜਾ ਰਹੀ ਹੈ ਜਦੋਂ ਕਿ ਬਾਕੀ ਦੀ 2 ਮਿਲੀਅਨ ਮੀਟਰਿਕ ਟਨ ਚੀਨੀ ਐਕਸਪੋਰਟ ਕੀਤੀ ਜਾ ਰਹੀ ਹੈ ਜਿਸ ਨੂੰ ਵਧਾਉਣ ਦੇ ਲਈ ਲਗਾਤਾਰ ਭਾਰਤ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਗੰਨੇ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਲਈ ਉਪਰਾਲੇ
ਆਈਸੀਏਆਰ ਦੇ ਡਿਪਟੀ ਡਾਇਰੈਕਟਰ ਜਨਰਲ ਡਾਕਟਰ ਟੀਆਰ ਸ਼ਰਮਾ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਗੰਨੇ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੰਨੇ ਦੇ ਵਿੱਚ ਇਕ ਲੱਖ 90 ਹਜ਼ਾਰ ਤੋਂ ਜਿਆਦਾ ਜੀਨਸ ਹੁੰਦੇ ਹਨ। ਇਸ ਕਰਕੇ ਇਸ ਦੀਆਂ ਵਰਾਇਟੀਆਂ ਨੂੰ ਵਿਕਸਿਤ ਕਰਨਾ ਕਾਫੀ ਵੱਡਾ ਚੈਲੇਂਜ ਰਹਿਦਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਸਾਡੀ ਕੋਸ਼ਿਸ਼ ਹੈ ਕਿ ਇਸ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਕੀਤੀ ਜਾਣ ਜਿਸ ਨਾਲ ਕਿਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ।
ਗੰਨੇ ਦੇ ਰਸ ਦੀ ਪ੍ਰੋਸੈਸਿੰਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਗੋਸਲ ਨੇ ਦੱਸਿਆ ਹੈ ਕਿ ਗੰਨੇ ਦੀ ਕਾਸ਼ਤ ਪੰਜਾਬ ਸ਼ੁਰੂ ਤੋਂ ਕਰਦਾ ਆਇਆ ਹੈ ਪਰ ਹੁਣ ਇਸ ਦਾ ਰਕਬਾ ਘਟਣ ਦੇ ਕਈ ਕਾਰਨ ਹਨ ਜਿਨਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਮੰਡੀਕਰਨ ਦਾ ਹੈ ਅਤੇ ਪ੍ਰਾਈਵੇਟ ਮਿੱਲਾਂ ਹੈ। ਨਿੱਜੀ ਮਿਲਾਂ ਕਰਕੇ ਕਿਸਾਨਾਂ ਨੂੰ ਇਹ ਸਮੱਸਿਆਵਾਂ ਦਰਪੇਸ਼ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਗੰਨੇ ਦੇ ਰਸ ਦੀ ਪ੍ਰੋਸੈਸਿੰਗ ਕਰੀਏ ਉਸ ਨੂੰ ਪੈਕੇਜ ਕਰਕੇ ਅੱਗੇ ਐਕਸਪੋਰਟ ਕਰੀਏ ਤਾਂ ਉਸ ਤੋਂ ਕਿਸਾਨ ਕਾਫੀ ਫਾਇਦਾ ਲੈ ਸਕਦੇ ਹਨ।
ਗੰਨਾ ਝੋਨੇ ਨਾਲੋਂ ਕਾਫੀ ਘੱਟ ਪਾਣੀ ਖਿੱਚਦਾ
ਇਸ ਨੂੰ ਲੈ ਕੇ ਸਰਕਾਰਾਂ ਨੂੰ ਵੱਖ-ਵੱਖ ਵਿਦੇਸ਼ੀ ਕੰਪਨੀਆਂ ਦੇ ਨਾਲ ਟਾਈਮਅੱਪ ਕਰਨ ਦੀ ਲੋੜ ਹੈ, ਤਾਂ ਜੋ ਵੱਧ ਤੋਂ ਵੱਧ ਪ੍ਰੋਸੈਸ ਕਰਕੇ ਇਸ ਦਾ ਕਿਸਾਨਾਂ ਨੂੰ ਸਿੱਧਾ ਫਾਇਦਾ ਦਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਗੰਨੇ ਨੂੰ ਫਸਲੀ ਵਿਭਿੰਨਤਾ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ, ਕਿਉਕਿ ਗੰਨਾ ਝੋਨੇ ਨਾਲੋਂ ਕਾਫੀ ਘੱਟ ਪਾਣੀ ਖਿੱਚਦਾ ਹੈ। ਇਸ ਕਰਕੇ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਜਿਸ ਨੂੰ ਲੈ ਕੇ ਲਗਾਤਾਰ ਯੂਨੀਵਰਸਿਟੀਆਂ ਅਤੇ ਹੋਰ ਅਦਾਰੇ ਜਿਹੜੇ ਪੱਧਰ 'ਤੇ ਕੰਮ ਕਰ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਗੰਨੇ ਦੀ ਕਾਸ਼ਤ ਵੱਲ ਪ੍ਰੇਰਿਤ ਕੀਤਾ ਜਾ ਸਕੇ।
- ਡਾਕਟਰ ਸਤਬੀਰ ਗੋਸਲ, ਵਾਈਸ ਚਾਂਸਲਰ, PAU ਲੁਧਿਆਣਾ
ਗੰਨੇ ਦਾ ਰਕਬਾ ਦਿਨੋ-ਦਿਨ ਘੱਟਦਾ ਜਾ ਰਿਹਾ
ਹਾਲਾਂਕਿ, ਪੰਜਾਬ ਵਿੱਚ ਸਭ ਤੋਂ ਵੱਧ ਗੰਨੇ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾਂਦੀ ਹੈ ਸਾਲ 2023 ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਗੰਨੇ 'ਤੇ ਬੋਨਸ ਦੇ ਵਿੱਚ ਰਿਕਾਰਡ ਵਾਧਾ ਕੀਤਾ ਸੀ। ਕਿਸਾਨਾਂ ਨੂੰ ਵੱਧ ਤੋਂ ਵੱਧ ਕੰਨੇ ਦੀ ਕਾਸ਼ਤ ਵੱਲ ਪ੍ਰੇਰਿਤ ਕਰਨ ਲਈ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪ੍ਰਵਾਨ ਕੀਤਾ ਸੀ, ਪਰ ਇਸ ਦੇ ਬਾਵਜੂਦ ਗੰਨੇ ਦਾ ਰਕਬਾ ਦਿਨੋ- ਦਿਨ ਘੱਟਦਾ ਜਾ ਰਿਹਾ ਹੈ। ਜਿਸ ਦਾ ਵੱਡਾ ਕਾਰਨ ਮੰਡੀਕਰਨ ਅਤੇ ਮਿੱਲਾਂ ਦੀ ਸਮੱਸਿਆ ਹੈ।