ਹਰੀਕੇ ਝੀਲ 'ਚ ਸਰਦ ਰੁੱਤ ਦੇ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ - ਰੂਸ, ਸਾਇਬੇਰੀਆ ਤੇ ਕਜ਼ਾਖਸਤਾਨ
ਤਰਨ ਤਾਰਨ: ਬਿਆਸ, ਸਤਲੁਜ ਦਰਿਆ ਦੇ ਸੰਗਮ ਨਾਲ 3 ਜ਼ਿਲ੍ਹਿਆਂ ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ ਦਾ ਸੁਮੇਲ ਵੀ ਹੁੰਦਾ ਹੈ। ਇਸ ਸਥਾਨ ਦੇ ਬਣੀ ਹਰੀਕੇ ਝੀਲ 'ਤੇ ਹਰ ਸਾਲ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਪ੍ਰਵਾਸੀ ਪੰਛੀ ਆਉਂਦੇ ਹਨ ਅਤੇ ਇਸ ਝੀਲ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ। ਇਹ ਝੀਲ ਪ੍ਰਵਾਸੀ ਪੰਛੀਆਂ ਦੀ ਪਸੰਦੀਦਾ ਸੈਰਗਾਹ ਹੈ ਅਤੇ ਦੁਨੀਆਂ ਭਰ ਵਿੱਚ ਮਸ਼ਹੂਰ ਵਿਸ਼ਵ ਪ੍ਰਸਿੱਧ ਹਰੀਕੇ ਝੀਲ ਵਿੱਚ ਪ੍ਰਵਾਸੀ ਪੰਛੀਆਂ ਦੀ ਆਮਦ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਹੈ। ਇਸ ਝੀਲ ਵਿੱਚ ਕਈ ਪ੍ਰਕਾਰ ਦੇ ਪੰਛੀਆਂ ਨੇ ਆਪਣਾ ਰੈਣ ਬਸੇਰਾ ਕੀਤਾ ਹੋਇਆ ਹੈ। ਇਸ ਸਬੰਧੀ ਹਰੀਕੇ ਦੀ ਵਣ ਰੇਂਜ ਅਫਸਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਝੀਲ ਵਿੱਚ ਜ਼ਿਆਦਾਤਰ ਪੰਛੀ ਰੂਸ, ਸਾਇਬੇਰੀਆ ਤੇ ਕਜ਼ਾਖਸਤਾਨ ਅਤੇ ਚੀਨ ਤੋਂ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰਵਾਸੀ ਪੰਛੀ ਸਰਦ ਰੁੱਤ ਖ਼ਤਮ ਹੁੰਦਿਆਂ ਆਪਣੇ ਵਤਨ ਵਾਪਸੀ ਕਰ ਜਾਂਦੇ ਹਨ।