ਨਰਮੇ ਦੀ ਫ਼ਸਲ ’ਤੇ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਦੀ ਮਾਰ
ਬਠਿੰਡਾ: ਜ਼ਿਲ੍ਹੇ ਦੇ ਪਿੰਡ ਭੁੱਚੋ ਖੁਰਦ ਦੇ ਵਿੱਚ ਚਿੱਟਾ ਮੱਛਰ ਅਤੇ ਗੁਲਾਬੀ ਸੁੰਡੀ ਦੀ ਮਾਰ ਕਾਰਨ ਕਿਸਾਨ ਆਪਣੀ ਫਸਲ ਵਾਹੁਣ ਲਈ ਮਜ਼ਬੂਰ ਹੋ ਗਿਆ ਹੈ। ਇਸ ਸਬੰਧ ਚ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਉਹ ਗੁਲਾਬੀ ਸੁੰਡੀ ਦੀ ਮਾਰ ਸਹਿਣ ਕਰ ਰਹੇ ਹਨ ਉੱਥੇ ਹੀ ਹੁਣ ਚਿੱਟਾ ਮੱਛਰ ਕਾਰਨ ਵੀ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਖੇਤਾਂ ਨੂੰ ਦੇਖਣ ਲਈ ਕੋਈ ਵੀ ਖੇਤੀਬਾੜੀ ਵਿਭਾਗ ਦਾ ਅਧਿਕਾਰੀ ਨਹੀਂ ਆਇਆ। ਕਿਸਾਨ ਨੂੰ ਬਚਾਉਣ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਨਕਲੀ ਰੇਹਾਂ ਸਪਰੇਹਾਂ ਵੇਚਣ ਵਾਲਿਆਂ ਨੂੰ ਨੱਥ ਪਾਈ ਜਾਵੇ ਅਤੇ ਦੂਜਾ ਜਿਸ ਕਿਸਾਨ ਨੇ ਵੀ ਆਪਣਾ ਨਰਮਾ ਵਾਹਿਆ ਹੈ ਉਸ ਨੂੰ ਮੁਆਵਜ਼ੇ ਵਜੋਂ ਚਾਲੀ ਚਾਲੀ ਹਜ਼ਾਰ ਰੁਪਏ ਦਿੱਤਾ ਜਾਵੇ ਤਾਂ ਜੋ ਕਿਸਾਨ ਤੇ ਕਿਸਾਨੀ ਨੂੰ ਬਚਾਇਆ ਜਾ ਸਕੇ।