ਸਤਲੁਜ 'ਚ ਵਧਿਆ ਪਾਣੀ ਦਾ ਪੱਧਰ, ਪਿੰਡਵਾਸੀ ਪਰੇਸ਼ਾਨ - ਸਤਲੁਜ 'ਚ ਵਧਿਆ ਪਾਣੀ ਦਾ ਪੱਧਰ
ਫ਼ਿਰੋਜ਼ਪੁਰ: ਹੜ੍ਹ ਵਰਗੇ ਹਾਲਾਤ ਬਣਨ ਕਾਰਨ, ਜਿੱਥੇ ਰੇਲਵੇ ਨੇ ਫ਼ਿਰੋਜ਼ਪੁਰ ਤੋਂ ਜਲੰਧਰ ਤੱਕ ਰੇਲ ਰੱਦ ਕਰ ਦਿੱਤੀ ਹੈ, ਉੱਥੇ ਹੀ ਪੁਲ ਨਾਲ ਲੱਗਦੇ ਪਿੰਡ ਵੀ ਪ੍ਰਭਾਵਿਤ ਹੋ ਰਹੇ ਹਨ। ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਫ਼ਿਰੋਜ਼ਪੁਰ ਦੇ ਮੱਖੂ ਇਲਾਕੇ ਗੁਦੜ ਡੰਡੀ ਵਿਖੇ ਰੇਲਵੇ ਪੁਲ ਨਾਲ ਸਤਲੁਜ ਦਾ ਪਾਣੀ ਲੱਗਦਾ ਹੈ। ਇਸ ਕਾਰਨ ਪਿੰਡਾਂ ਦੇ ਨਾਲ ਲੱਗਦੇ ਬੰਨ੍ਹ ਦੇ ਬਰਾਬਰ ਪਾਣੀ ਆ ਚੁੱਕਾ ਹੈ ਜਿਸ ਦੀ ਮਾਰ ਕਈ ਘਰ ਵੀ ਝੱਲ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪ ਹੀ ਬੰਨ੍ਹ ਨੂੰ ਹੋਰ ਉੱਚਾ ਕਰਨ ਲਈ ਮਿੱਟੀ ਪਾ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਐਤਵਾਰ ਨੂੰ ਬੀਤੀ ਰਾਤ ਡਿਪਟੀ ਕਮਿਸ਼ਨਰ ਆਏ ਸਨ ਅਤੇ ਉਨ੍ਹਾਂ ਨੂੰ ਬੰਨ੍ਹ ਮਜ਼ਬੂਤ ਕਰਨ ਲਈ 25 ਹਜ਼ਾਰ ਰੁਪਏ ਦੇ ਕੇ ਚਲੇ ਗਏ, ਪਰ ਹੁਣ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਪਹੁੰਚਿਆ। ਪਿੰਡ ਵਾਸੀਆਂ ਨੂੰ ਇਹੋ ਚਿੰਤਾ ਹੈ ਕਿ ਜੇ ਬੰਨ੍ਹ ਟੁੱਟਦਾ ਹੈ ਤਾਂ ਇਸ ਦਾ ਪਾਣੀ ਮਖੂ ਤੱਕ ਮਾਰ ਕਰੇਗਾ।