ਮਹਿੰਗਾਈ ਖਿਲਾਫ਼ ਅਨੋਖਾ ਪ੍ਰਦਰਸ਼ਨ, ਗਹਿਣਿਆਂ ਵਾਲੀ ਪੋਟਲੀ 'ਚ ਸੰਭਾਲੇ ਨਿੰਬੂ - ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ
ਬਠਿੰਡਾ: ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਹਰੇਕ ਚੀਜ਼ ਅੱਜ ਮਹਿੰਗਾਈ ਦੀ ਮਾਰ ਹੇਠ ਹੈ। ਨਿੰਬੂ 200 ਰੁਪਏ ਦੇ ਕਰੀਬ ਕਿਲੋ ਵਿਕਣ ਤੋਂ ਬਾਅਦ ਅੱਜ ਬਠਿੰਡਾ ਦੇ ਪਰਸ ਰਾਮ ਨਗਰ ਵਿਚ ਸਾਬਕਾ ਐਮ. ਸੀ. ਵਿਜੇ ਕੁਮਾਰ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਨਿੰਬੂਆਂ ਦੇ ਗਹਿਣੇ ਬਣਾ ਕੇ ਪਾਏ ਅਤੇ ਕੁਝ ਨਿੰਬੂਆਂ ਨੂੰ ਗਹਿਣਿਆਂ ਵਾਲੀ ਪੋਟਲੀ ਵਿੱਚ ਪਾ ਕੇ ਸਾਂਭ ਕੇ ਰੱਖਣ ਦੀ ਗੱਲ ਆਖੀ ਗਈ। ਪ੍ਰਦਰਸ਼ਨਕਾਰੀ ਸਾਬਕਾ ਐਮਸੀ ਦਾ ਕਹਿਣਾ ਹੈ ਕਿ ਮਹਿੰਗਾਈ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਸਬਜ਼ੀਆਂ ਅਤੇ ਫਲ ਫਰੂਟ ਆਦਿ ਦੇ ਰੇਟ ਅਸਮਾਨ ਛੂਹ ਰਹੇ ਹਨ। ਜਿਸ ਕਾਰਨ ਆਮ ਵਰਗ ਨੂੰ ਵੱਡੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੁਨੀਆ ਵਿਚ ਕਿਤੇ ਵੀ ਜੰਗ ਲੱਗ ਜਾਵੇ ਪਰ ਇਸ ਦਾ ਅਸਰ ਭਾਰਤ ਵਿਚ ਸਭ ਤੋਂ ਵੱਧ ਵੇਖਣ ਨੂੰ ਮਿਲਦਾ ਹੈ ਅਤੇ ਇਸ ਵਿੱਚ ਆਮ ਵਿਅਕਤੀ ਹੀ ਪੀਸਿਆ ਜਾਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਧ ਰਹੀ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ ਤਾਂ ਜੋ ਦੋ ਟਾਈਮ ਦੀ ਰੋਟੀ ਆਮ ਵਰਗ ਖਾ ਸਕੇ।