ਸਹਾਇਕ ਪ੍ਰੋਫੈਸਰਾਂ ਵੱਲੋਂ ਮੀਤ ਹੇਅਰ ਦੀ ਕੋਠੀ ਦਾ ਘਿਰਾਓ, ਦੇਰ ਰਾਤ ਤੱਕ ਹੰਗਾਮਾ, AAP ਸਰਕਾਰ ਨੂੰ ਦਿੱਤੀ ਚੇਤਾਵਨੀ - Barnala News
ਬਰਨਾਲਾ: ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਪ੍ਰੋਫੈਸਰਾਂ ਨੂੰ ਬਰਨਾਲਾ ਜ਼ਿਲ੍ਹੇ ਦੇ ਤਪਾ, ਮਹਿਲ ਕਲਾਂ, ਭਦੌੜ ਅਤੇ ਸਿਟੀ ਟੂ ਥਾਣਿਆਂ ਵਿਚ ਬੰਦ ਕੀਤਾ ਹੋਇਆ ਹੈ ਅਤੇ ਇਨ੍ਹਾਂ ਪ੍ਰੋਫ਼ੈਸਰਾਂ ਦੇ ਪੱਖ ਵਿਚ ਵੱਖ ਵੱਖ ਕਿਸਾਨ ਜਥੇਬੰਦੀਆਂ ਫਿਰ ਥਾਣਿਆਂ ਵਿੱਚ ਪਹੁੰਚ ਚੁੱਕੀਆਂ ਹਨ। ਜੇਕਰ ਗੱਲ ਪ੍ਰੋਫ਼ੈਸਰਾਂ ਨੂੰ ਰਿਹਾਅ ਕਰਨ ਦੀ ਕਰੀਏ ਤਾਂ ਭਰੋਸੇਯੋਗ ਸੂਤਰਾਂ ਮੁਤਾਬਕ ਪੁਲਿਸ ਵੱਲੋਂ ਉਨ੍ਹਾਂ ਨੂੰ ਦਸਤਖਤ ਕਰਨ ਤੋਂ ਬਾਅਦ ਛੱਡਣ ਦਾ ਦਬਾਅ ਪਾਇਆ ਜਾ ਰਿਹਾ ਹੈ, ਪਰ ਹੱਕ ਵਿਚ ਪਹੁੰਚੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪ੍ਰੋਫ਼ੈਸਰਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਲਈ ਥਾਣਿਆਂ ਵਿੱਚ ਪੱਕਾ ਮੋਰਚਾ ਜੜ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚ ਪ੍ਰੋਫ਼ੈਸਰਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ ਅਤੇ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਅੰਦਰ ਲੇਡੀਜ਼ ਪ੍ਰੋਫ਼ੈਸਰਾਂ ਨੂੰ ਵੀ ਬੰਦ ਕੀਤਾ ਹੈ ਜਦੋਂ ਕਿ ਥਾਣਿਆਂ ਅੰਦਰ ਲੇਡੀਜ਼ ਪੁਲਿਸ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਉੱਥੇ ਹੀ, ਰੋਸ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਆਪ ਸਰਕਾਰ ਨੂੰ ਸਖਤ ਚੇਤਾਵਨੀ ਵੀ ਦਿੱਤੀ ਹੈ।