ਟੈਂਡਰ ਘੁਟਾਲਾ ਮਾਮਲੇ ਵਿੱਚ ਤੇਲੂ ਰਾਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ - ਭਾਰਤ ਭੂਸ਼ਣ ਆਸ਼ੂ
ਲੁਧਿਆਣਾ: ਖੁਰਾਕ ਸਪਲਾਈ ਵਿਭਾਗ ਦੇ ਮਾਲ ਢੋਆ ਢੁਆਈ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਤੇਲੂ ਰਾਮ ਨੂੰ ਅੱਜ ਚੌਥੀ ਵਾਰ ਲੁਧਿਆਣਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤੇਲੂ ਰਾਮ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਤੇਲੂ ਰਾਮ 8 ਦਿਨ ਪੁਲਿਸ ਰਿਮਾਂਡ ਉਤੇ ਰਹਿ ਚੁੱਕਿਆ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਉਸ ਨੂੰ 24 ਅਗਸਤ ਨੂੰ ਪੇਸ਼ ਕੀਤਾ ਗਿਆ ਸੀ ਅਤੇ ਵਿਜੀਲੈਂਸ ਨੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਕਾਬਿਲੇਗੌਰ ਹੈ ਕਿ ਇਸ ਮਾਮਲੇ ਦੇ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਵਿਜੀਲੈਂਸ ਨੇ ਬੀਤੇ ਦਿਨੀਂ ਗ੍ਰਿਫਤਾਰ ਕਰਕੇ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਤੇਲੂ ਰਾਮ ਮੁਲਾਪੁਰ ਦਾਖਾ ਮੰਡੀ ਦਾ ਮੁੱਖ ਠੇਕੇਦਾਰ ਹੈ, ਜਿਸ ਵੱਲੋਂ ਟਰਾਂਸਪੋਰਟ ਦਾ ਟੈਂਡਰ ਲੈਣ ਲਈ ਕਈ ਊਣਤਾਈਆਂ ਵਿਜੀਲੈਂਸ ਨੇ ਜਾਂਚ ਦੌਰਾਨ ਦੇਖੀਆਂ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਤੇਲੂਰਮ ਨੇ ਬੀਤੇ ਦਿਨ ਅਦਾਲਤ ਵਿੱਚ ਸਾਬਕਾ ਮੰਤਰੀ ਨਾਲ ਕੋਈ ਮੁਲਾਕਾਤ ਨਾ ਹੋਣ ਦੀ ਗੱਲ ਕਬੂਲੀ ਸੀ।