ਕਰਨਾਟਕ ਵਿੱਚ ਅਧਿਆਪਕ ਨੇ ਦੂਜੀ ਜਮਾਤ ਦੇ ਵਿਦਿਆਰਥੀ ਉੱਤੇ ਸੁੱਟਿਆ ਗਰਮ ਪਾਣੀ - ਸਾਂਤੇਕੱਲੁਰ ਸ਼੍ਰੀਗਨਮਥੇਸਵਾਰਾ ਸੀਨੀਅਰ ਪ੍ਰਾਇਮਰੀ ਸਕੂਲ
ਕਰਨਾਟਕ ਦੇ ਜ਼ਿਲ੍ਹਾ ਰਾਏਚੁਰ ਵਿੱਚ ਇੱਕ ਅਧਿਆਪਕ ਵਲੋਂ ਵਿਦਿਆਰਥੀ ਉੱਤੇ ਗਰਮ ਪਾਣੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 2 ਸਤੰਬਰ ਨੂੰ ਜ਼ਿਲ੍ਹੇ ਦੇ ਮਾਸਕੀ ਤਾਲੁਕ ਦੇ ਸਾਂਤੇਕੱਲੁਰ ਸ਼੍ਰੀਗਨਮਥੇਸਵਾਰਾ ਸੀਨੀਅਰ ਪ੍ਰਾਇਮਰੀ ਸਕੂਲ ਵਿੱਚ ਵਾਪਰੀ। ਦੋਸ਼ ਹੈ ਕਿ ਅਧਿਆਪਕ ਹੁਲੀਗੇੱਪਾ ਨੇ ਸਕੂਲ ਦੀ ਵਰਦੀ 'ਚ ਪਿਸ਼ਾਬ ਕਰਨ ਵਾਲੇ 2ਵੀਂ ਜਮਾਤ ਦੇ ਵਿਦਿਆਰਥੀ ਉੱਤੇ ਗਰਮ ਪਾਣੀ ਸੁੱਟ ਦਿੱਤਾ। ਗਰਮ ਪਾਣੀ ਦੀ ਤਪਸ਼ ਕਾਰਨ ਵਿਦਿਆਰਥੀ ਦਾ 40 ਫੀਸਦੀ ਸਰੀਰ ਸੜ ਗਿਆ। ਘਟਨਾ ਤੋਂ ਬਾਅਦ ਪਤਾ ਲੱਗਾ ਹੈ ਕਿ ਜਿਸ ਅਧਿਆਪਕ ਉਤੇ ਗੰਭੀਰ ਦੋਸ਼ ਲੱਗੇ ਹਨ, ਉਹ ਸਕੂਲ ਵਿਚੋਂ ਗੈਰ ਹਾਜ਼ਰ ਹੈ।ਜ਼ਖਮੀ ਲੜਕੇ ਦਾ ਲਿੰਗਾਸੁਗੁਰੂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਘਟਨਾ ਨੂੰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੁਲਿਸ ਵਲੋਂ ਕੋਈ ਕੇਸ ਦਰਜ ਨਹੀਂ ਹੋਇਆ ਹੈ।