ਸਿਵਲ ਹਸਪਤਾਲ ਦੇ ਸਫਾਈ ਸੇਵਕਾਂ ਨੇ ਪ੍ਰਬੰਧਕਾਂ ਖਿਲਾਫ ਕੀਤੀ ਨਾਅਰੇਬਾਜ਼ੀ
ਮਾਨਸਾ ਸਿਵਲ ਹਸਪਤਾਲ ਦੇ ਸਫਾਈ ਸੇਵਕਾਂ ਵੱਲੋਂ ਤਨਖਾਹਾਂ ਨਾ ਮਿਲਣ ਦੇ ਕਾਰਨ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਸਿਵਲ ਹਸਪਤਾਲ ਮਾਨਸਾ ਦੇ ਵਿੱਚ ਸਫ਼ਾਈ ਕਰ ਰਹੇ ਸੇਵਕਾਂ ਦੀਆਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਉਥੇ ਹੀ ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਦੀ ਘਰ ਦੇ ਚੁੱਲ੍ਹੇ ਠੰਢੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਸਵੇਰੇ ਸ਼ਾਮ ਸਫ਼ਾਈ ਕਰਦੇ ਹਨ ਪਰ ਤਨਖਾਹ ਨਾ ਮਿਲਣ ਦੇ ਕਾਰਨ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਚੈੱਕ ਵੀ ਕੱਟ ਦਿੱਤਾ ਗਿਆ ਸੀ ਪਰ ਅਜੇ ਤੱਕ ਉਨ੍ਹਾਂ ਦਾ ਏਰੀਅਰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਉਨ੍ਹਾਂ ਦੀ ਤਨਖਾਹ ਨਾ ਦਿੱਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਿਵਲ ਹਸਪਤਾਲ ਦੇ ਐਸਐਮਓ ਰੂਬੀ ਨੇ ਕਿਹਾ ਕਿ ਮੁਲਾਜ਼ਮਾਂ ਦੀ ਤਨਖਾਹ ਜਾਰੀ ਕਰ ਦਿੱਤੀ ਹੈ ਅਤੇ ਜੋ ਠੇਕੇਦਾਰ ਨੂੰ ਚੈੱਕ ਕੱਟਣ ਸਬੰਧੀ ਕਿਹਾ ਜਾ ਰਿਹਾ ਹੈ ਇਸ ਸਬੰਧੀ ਉਹ ਜਾਂਚ ਕਰਨਗੇ।