ਗੰਦੇ ਪਾਣੀ ਦੀ ਸਮੱਸਿਆ SC ਕਮਿਸ਼ਨ ਦੇ ਦਖਲ ਨਾਲ ਹੋਈ ਹੱਲ ! - SC ਕਮਿਸ਼ਨ
ਹੁਸ਼ਿਆਰਪੁਰ: ਪਿਛਲੇ ਲੰਮੇ ਸਮੇਂ ਤੋਂ ਬੀਤ ਇਲਾਕੇ ਦੇ ਪਿੰਡ ਭਵਾਨੀਪੁਰ ਦੀ ਦਲਿਤ ਬਸਤੀ ਦੇ ਕਰੀਬ 100 ਤੋਂ ਵੱਧ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਐਸ.ਸੀ. ਕਮਿਸ਼ਨ ਪੰਜਾਬ ਦੇ ਦਖਲ ਨਾਲ ਉੱਪ ਮੰਡਲ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮੌਜੂਦਗੀ 'ਚ ਪਾਈਪ ਪਾ ਕੇ ਹੱਲ ਕਰ ਦਿੱਤੀ ਗਈ ਹੈ। ਇਹ ਸਾਰਾ ਕੰਮ ਬੀ.ਡੀ.ਪੀ.ਓ. ਗੜ੍ਹਸ਼ੰਕਰ ਮਨਜਿੰਦਰ ਕੌਰ, ਡੀ.ਐਸ.ਪੀ. ਦਲਜੀਤ ਸਿੰਘ ਖੱਖ ਤੇ ਡਿਊਟੀ ਮੈਜਿਸਟਰੇਟ (ਤਹਿਸੀਲਦਾਰ) ਤਪਨ ਭਨੋਟ ਦੀ ਹਾਜਰੀ 'ਚ ਸਿਰੇ ਚੜ੍ਹਇਆ ਗਿਆ। ਇਸ ਮੌਕੇ ਬੀ.ਡੀ.ਪੀ.ਓ. ਮਨਜਿੰਦਰ ਕੌਰ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਐਸ.ਸੀ. ਕਮਿਸ਼ਨ ਪੰਜਾਬ ਵੱਲੋਂ ਜਾਰੀ ਲਿਖਤੀ ਆਦੇਸ਼ਾਂ ਮੁਤਾਬਿਕ ਡਿਪਟੀ ਕਮਿਸਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਕੀਤੀ ਗਈ ਹੈ। ਇਸ ਕੰਮ 'ਤੇ ਕਰੀਬ 2 ਲੱਖ ਰੁਪਏ ਖਰਚ ਆਇਆ ਹੈ। ਡੀ.ਐਸ.ਪੀ. ਦਲਜੀਤ ਸਿੰਘ ਖੱਖ ਨੇ ਕਿਹਾ ਕਿ ਪੁਲਿਸ ਦਾ ਕੰਮ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ ਤੇ ਕੰਮ ਸਮਾਪਤ ਹੋਣ ਤੱਕ ਪੁਲਿਸ ਫੋਰਸ ਮੌਜੂਦ ਰਹੀ।