ਅਕਾਲੀ ਦਲ ਨੇ ਰਮਿੰਦਰ ਆਵਲਾ ਦੀ ਉਮੀਦਵਾਰੀ ਰੱਦ ਕਰਨ ਦੀ ਕੀਤੀ ਮੰਗ - ਮੁੱਖ ਚੋਣ ਅਫ਼ਸਰ ਐਸ ਕਰੁਣਾ ਰਾਜੂ
ਅਕਾਲੀ ਦਲ ਵੱਲੋਂ ਮੁੱਖ ਚੋਣ ਅਫ਼ਸਰ ਐਸ ਕਰੁਣਾ ਰਾਜੂ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਜ਼ਿਮਨੀ ਚੋਣਾ ਹਲਕਾ ਜਲਾਲਾਬਾਦ ਦੇ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ। ਅਕਾਲੀ ਦਲ ਨੇ ਲਿਖ਼ਤੀ ਤੌਰ 'ਤੇ ਮੁੱਖ ਚੋਣ ਅਫ਼ਸਰ ਨੂੰ ਸ਼ਿਕਾਇਤ ਵੀ ਭੇਜੀ ਹੈ ਅਤੇ ਆਪਣੀ ਦਰਖਾਸਤ ਵਿੱਚ ਕਿਹਾ ਹੈ ਕਿ ਆਵਲਾ ਲੋਕਾਂ ਦੇ ਬਿਜਲੀ ਦੇ ਬਿੱਲ ਭਰ ਰਹੇ ਹਨ ਅਤੇ ਖੁਦ ਵੀ ਬਿਜਲੀ ਘਰ ਦੇ ਅੰਦਰ ਉਨ੍ਹਾਂ ਦੇ ਨੰਬਰ ਨੋਟ ਕਰ ਰਹੇ ਹਨ। ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਸ਼ਿਕਾਇਤ ਕੀਤੀ ਹੈ ਕਿ ਬਿਜਲੀ ਘਰ ਵਿੱਚ ਬੈਠ ਕੇ ਲੋਕਾਂ ਦੇ ਬਿੱਲ ਆਵਲਾ ਆਪਣੇ ਪੈਸੇ ਤੋਂ ਭਰ ਰਹੇ ਹਨ। ਬਰਾੜ ਨੇ ਕਿਹਾ ਕਿ ਸਭ ਦੇ ਬਿੱਲ ਭਰੇ ਜਾਣ ਤੋਂ ਬਾਅਦ ਫੋਨ ਨੰਬਰਾਂ 'ਤੇ ਮੈਸੇਜ ਤੱਕ ਲੋਕਾਂ ਨੂੰ ਮਿਲ ਰਹੇ ਹਨ ਕਿ ਬਿਜਲੀ ਦਾ ਬਿੱਲ ਜਮ੍ਹਾਂ ਹੋ ਚੁੱਕਿਆ ਹੈ, ਜਦਕਿ ਇਹ ਸਿੱਧੇ ਤੌਰ 'ਤੇ ਵੋਟਾਂ ਦੀ ਖ਼ਰੀਦ ਫਰੋਖ਼ਤ ਹੈ ਜਿਸ ਬਾਬਤ ਕਾਂਗਰਸੀ ਉਮੀਦਵਾਰ ਦੀ ਉਮੀਦਵਾਰੀ ਰੱਦ ਕਰ ਕੇ ਪਰਚਾ ਦਰਜ ਹੋਣਾ ਚਾਹੀਦਾ ਹੈ।