ਲਹਿਰਾ ਚੰਡੀਗੜ੍ਹ ਰੋਡ ਜਾਮ ਕਰ ਛਾਜਲੀ ਵਾਸੀਆਂ ਨੇ ਸਰਕਾਰਾਂ ਖ਼ਿਲਾਫ਼ ਕੱਢੀ ਭੜਾਸ! - blocking the Lehra Chandigarh road
ਸੰਗਰੂਰ: ਲਹਿਰਾਗਾਗਾ ਨੇੜਲੇ ਪਿੰਡ ਛਾਜਲੀ ਦੇ ਨੌਜਵਾਨਾਂ ਵੱਲੋਂ ਲਹਿਰਾ - ਚੰਡੀਗੜ੍ਹ ਰੋਡ ਪੂਰੀ ਤਰ੍ਹਾਂ ਜਾਮ ਕਰਕੇਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਛਾਜਲੀ ਬੱਸ ਅੱਡੇ ਤੋਂ ਪਿੰਡ ਨੂੰ ਜਾਂਦੀ ਸੜਕ ਜਿਸ ਉੱਤੇ ਪੁਲਿਸ ਥਾਣਾ,ਸਮਰਾਟ ਸਕੂਲ, ਹਸਪਤਾਲ, ਬੈਂਕ ਆਦਿ ਹਨ, ਇਹ ਪਿਛਲੇ 15 ਸਾਲਾਂ ਤੋਂ ਨਹੀਂ ਬਣੀ। ਉਨ੍ਹਾਂ ਦੱਸਿਆ ਕਿ ਸੜਕ ਉੱਤੇ ਤਿੰਨ-ਤਿੰਨ ਫੁੱਟ ਡੂੰਘੇ ਟੋਏ ਪੈ ਚੁੱਕੇ ਹਨ। ਪਿੰਡ ਵਾਸੀਆਂ ਨੇ ਦੁੱਖੜਾ ਬਿਆਨ ਕਰਦੇ ਹੋਏ ਕਿਹਾ ਕਿ ਥੋੜ੍ਹੇ ਜਿਹੇ ਮੀਂਹ ਕਾਰਨ ਇੱਥੇ ਗੋਡੇ-ਗੋਡੇ ਪਾਣੀ ਖੜ੍ਹ ਜਾਂਦਾ ਹੈ ਜਿਸ ਕਾਰਨ ਬੱਚੇ ਇਸ ਪਾਣੀ ਵਿੱਚ ਦੀ ਲੰਘ ਕੇ ਸਕੂਲ ਜਾਂਦੇ ਹਨ ਅਤੇ ਇਨ੍ਹਾਂ ਦੀਆਂ ਵਰਦੀਆਂ ਚਿੱਕੜ ਨਾਲ ਲਿੱਬੜ ਜਾਂਦੀਆਂ ਹਨ। ਨੌਜਵਾਨਾਂ ਨੇ ਕਿਹਾ, ਕਿ ਇਹ ਮੁੱਖਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੈ ਅਤੇ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਦਾ ਹਲਕਾ ਹੈ। ਫਿਰ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸਰਕਾਰ ਤੋਂ ਜਲਦ ਮਸਲੇ ਦੇ ਹੱਲ ਦੀ ਮੰਗ ਕੀਤੀ ਗਈ ਹੈ।