ਸਰਕਾਰੀ ਬੱਸਾਂ ਦਿੱਲੀ ਤੱਕ ਸ਼ੁਰੂ ਕਰਨ ਦੇ ਐਲਾਨ ’ਤੇ ਰਾਜਾ ਵੜਿੰਗ ਨੇ ਘੇਰੀ ਮਾਨ ਸਰਕਾਰ !
ਸੰਗਰੂਰ: ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਭੇਜਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਐਲਾਨ ਨੂੰ ਲੈਕੇ ਵਿਰੋਧੀਆਂ ਨੇ ਸਵਾਲ ਚੁੱਕੇ ਹਨ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਜੰਮਕੇ ਮਾਨ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਭੜਾਸ ਕੱਢੀ ਹੈ। ਵੜਿੰਗ ਨੇ ਕਿਹਾ ਕਿ ਮੇਰੇ ਟਰਾਂਸਪੋਰਟ ਮੰਤਰੀ ਹੁੰਦਿਆਂ PRTC ਦੀਆਂ ਬੱਸਾਂ ਏਅਰਪੋਰਟ ਤੱਕ ਜਾਣ ਦੀ ਮੰਗ ਨੂੰ ਕੇਜਰੀਵਾਲ ਨੇ ਠੁਕਰਾ ਦਿੱਤਾ ਸੀ, ਅੱਜ ਉਸ ਮੰਗ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਜਿਸਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਡਾ ਫ਼ੈਸਲਾ ਦੱਸ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸਲ ’ਚ ਇਹ 5 ਸਾਲ ਕੀਤੀ ਗਈ ਪੰਜਾਬ ਦੀ ਲੁੱਟ ਦੀ ਖੁਸ਼ੀ ਮਨਾ ਰਹੇ ਹਨ। ਉਨ੍ਹਾਂ ਕੇਜਰੀਵਾਲ ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਇਹੀ ਮਨਜ਼ੂਰੀ ਪੰਜ ਸਾਲ ਪਹਿਲਾਂ ਦਿੱਤੀ ਹੁੰਦੀ ਤਾਂ ਇਸ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕਦਾ ਸੀ।