ਕੇਜਰੀਵਾਲ ਦਾ ਵੱਡਾ ਬਿਆਨ, 'ਗਰਦਨ ਕੱਟ ਜਾਵੇਗੀ ਪਰ ਦੇਸ਼ ਨਾਲ ਗੱਦਾਰੀ ਕਬੂਲ ਨਹੀਂ'
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਆਪਣੀ ਹੀ ਕੈਬਨਿਟ ਮੰਤਰੀ ਨੂੰ ਅਹੁਦੇ ਤੋਂ ਲਾਂਬੇ ਕਰ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਮਾਨ ਸਰਕਾਰ ਉੱਪਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੀਐਮ ਭਗਵੰਤ ਮਾਨ ਨੂੰ ਥਾਪੜਾ ਦਿੱਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਕਿਸੇ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਅਤੇ ਮੰਤਰੀ ਨਾਲ ਸੈਟਿੰਗ ਕਰ ਸਕਦੇ ਸੀ ਅਤੇ ਹੁਣ ਤੱਕ ਇਹੋ ਹੁੰਦਾ ਆ ਰਿਹਾ ਹੈ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਅਤੇ ਮੰਤਰੀ ਖਿਲਾਫ਼ ਐਕਸ਼ਨ ਲਿਆ ਹੈ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਉੱਪਰ ਪੂਰੇ ਦੇਸ਼ ਨੂੰ ਮਾਣ ਹੈ। ਇਸਦੇ ਨਾਲ ਹੀ ਉਨ੍ਹਾਂ ਦਿੱਲੀ ਵਿੱਚ ਖੁਦ ਵੱਲੋਂ ਕੀਤੀ ਕਾਰਵਾਈ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਹੁਣ ਤੱਕ ਸਾਰੀਆਂ ਪਾਰਟੀਆਂ ਵਿੱਚ ਸੈਟਿੰਗ ਹੁੰਦੀ ਸੀ ਜਿਸਦੇ ਚੱਲਦੇ ਉਹ ਕਾਰਵਾਈ ਨਹੀਂ ਕਰਦੀਆਂ ਸਨ। ਕੇਜਰੀਵਾਲ ਨੇ ਕਿਹਾ ਕਿ ਵਿਰੋਧੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਬੋਲਣ। ਉਨ੍ਹਾਂ ਨਾਲ ਹੀ ਕਿਹਾ ਕਿ ਸਾਰੀਆਂ ਪਾਰਟੀਆਂ ਭ੍ਰਿਸ਼ਟਾਚਾਰ ਕਰਦੀਆਂ ਹਨ ਅਤੇ ਉਹ ਰੋਜ਼ਾਨਾ ਕਰਦੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਗਰਦਨ ਕੱਟ ਜਾਵੇਗੀ ਦੇਸ਼ ਨਾਲ ਗੱਦਾਰੀ ਕਬੂਲ ਨਹੀਂ। ਉਨ੍ਹਾਂ ਕਿਹਾ ਨਾ ਗੱਦਾਰੀ ਕਰਾਂਗੇ ਨਾ ਗੱਦਾਰੀ ਕਰਨ ਦੇਵਾਂਗੇ।