ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਜ਼ੋਰਦਾਰ ਰੋਸ ਮੁਜ਼ਾਹਰਾ
ਤਰਨਤਾਰਨ: ਦਾਣਾ ਮੰਡੀ ਝਬਾਲ ਵਿਚ ਲਿਫਟਿੰਗ ਨਾ ਹੋਣ ਕਾਰਨ ਦਾਣਾ ਮੰਡੀ ਝਬਾਲ ਦੀ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਪ੍ਰਧਾਨ ਤਸਵੀਰ ਸਿੰਘ, ਸਾਬਕਾ ਪ੍ਰਧਾਨ ਸ਼ਰਨਜੀਤ ਸਿੰਘ ਭੋਜੀਆਂ, ਲੇਬਰ ਯੂਨੀਅਨ ਦੇ ਆਗੂਆਂ ਅਤੇ ਕਿਸਾਨਾਂ ਵੱਲੋ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਆੜ੍ਹਤੀਆਂ, ਮਜ਼ਦੂਰ ਯੂਨੀਅਨ ਆਗੂਆਂ ਨੇ ਕਿਹਾ ਕਿ ਦਾਣਾ ਮੰਡੀ ਝਬਾਲ ਵਿਖੇ ਕਣਕ ਦੀ ਲਿਫਟਿੰਗ ਨੂੰ ਲੈਕੇ ਮਾਰਕੀਟ ਕਮੇਟੀ ਝਬਾਲ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਜਾਰੀ ਰਿਹਾ ਪਰ ਅਜੇ ਤੱਕ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰਅ ਨਹੀਂ ਸਰਕੀ, ਜਿਸ ਕਰ ਕੇ ਆੜ੍ਹਤੀ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਧਰਨੇ ਵਿਚ ਪਹੁੰਚੇ ਕਿਸਾਨ ਆਗੂ ਕੈਪਟਨ ਸਿੰਘ ਬਿਘਆੜੀ ਤੇ ਮਲਕੀਤ ਸਿੰਘ ਨੇ ਆੜ੍ਹਤੀਆਂ ਦੀ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਅੱਜ ਕਿਸੇ ਮਸਲੇ ਦਾ ਹੱਲ ਨਾ ਹੋਇਆ ਤਾਂ ਕੱਲ੍ਹ ਨੂੰ ਸਮੂਹ ਆੜ੍ਹਤੀ, ਮਜ਼ਦੂਰ ਨਾਲ ਰਲ ਕੇ ਝਬਾਲ ਚੌਕ 'ਚ ਧਰਨਾ ਲਾ ਕੇ ਟ੍ਰੈਫਿਕ ਜਾਮ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਝਬਾਲ ਦੇ ਸੈਕਟਰੀ ਜਸਮੇਲ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਐੱਸਡੀਐੱਮ ਧਿਆਨ ਵਿਚ ਹੈ ਅਤੇ ਉਹ ਟੈਂਡਰ ਕਾਰਾ ਨੂੰ ਬੁਲਾ ਕੇ ਗੱਲਬਾਤ ਕਰ ਰਹੇ ਹਨ ਅਤੇ ਜਲਦੀ ਹੀ ਸਾਰੇ ਮਸਲੇ ਦਾ ਹੱਲ ਨਿਕਲ ਆਵੇਗਾ।