ਪੰਜਾਬ 'ਚ ਬਿਜਲੀ ਕੱਟਾਂ ਨਾਲ ਜਲੰਧਰ ਦੇ ਉਦਯੋਗਾਂ ਨੂੰ ਭਾਰੀ ਨੁਕਸਾਨ - 4 ਹਜ਼ਾਰ ਉਦਯੋਗਿਕ ਇਕਾਈਆਂ
ਜਲੰਧਰ: ਪੰਜਾਬ ਕਿਸਾਨੀ ਦੇ ਨਾਲ-ਨਾਲ ਉਦਯੋਗਿਕ ਸੂਬਾ ਵੀ ਹੈ। ਪੰਜਾਬ ਵਿੱਚੋਂ ਜੇਕਰ ਗੱਲ ਸਿਰਫ਼ ਜਲੰਧਰ ਦੀ ਕਰੀਏ ਤਾਂ ਜਲੰਧਰ 'ਚ ਹੀ ਛੋਟੇ ਵੱਡੇ ਮਿਲਾ ਕੇ ਕੁੱਲ 8 ਹਜ਼ਾਰ ਉਦਯੋਗਿਕ ਇਕਾਈਆਂ ਹਨ। ਇਨ੍ਹਾਂ ਦੀ ਗਿਣਤੀ ਕੁਝ ਸਮਾਂ ਪਹਿਲੇ 12 ਹਜ਼ਾਰ ਸੀ ਪਰ ਸਰਕਾਰਾਂ ਦੀਆਂ ਗਲਤ ਪਾਲਸੀਆਂ ਕਰਕੇ 4 ਹਜ਼ਾਰ ਉਦਯੋਗਿਕ ਇਕਾਈਆਂ ਨੇੜਲੇ ਸੂਬਿਆਂ ਵਿਚ ਸ਼ਿਫਟ ਹੋ ਗਈਆਂ ਹਨ। ਪਿੱਛੇ ਦੋ ਸਾਲ ਕੋਰੋਨਾ ਕਰਕੇ ਉਦਯੋਗਾਂ ਨੂੰ ਬੇਹੱਦ ਨੁਕਸਾਨ ਹੋਇਆ ਹੈ ਅਤੇ ਹੁਣ ਜਦ ਕੋਰੋਨਾ ਤੋਂ ਬਾਅਦ ਗੱਡੀ ਥੋੜੀ ਲੀਹ 'ਤੇ ਆਈ ਤਾਂ ਇਕ ਵਾਰ ਫਿਰ ਇਨ੍ਹਾਂ ਉਦਯੋਗਪਤੀਆਂ ਨੂੰ ਬਿਜਲੀ ਸਤਾਉਣ ਲੱਗ ਪਈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਸਮੇਂ ਉਦਯੋਗਾਂ ਨੂੰ 24 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਸੀ ਪਰ ਅੱਜ ਇਨ੍ਹਾਂ ਉਦਯੋਗਾਂ ਉੱਪਰ ਵੀ 12-12 ਘੰਟੇ ਦੇ ਪਾਵਰ ਕੱਟ ਲਗਾਏ ਜਾ ਰਹੇ ਹਨ। ਇਨ੍ਹਾਂ ਪਾਵਰ ਕੱਟਾਂ ਕਰਕੇ ਜਲੰਧਰ ਵਿਖੇ ਉਹ ਫੈਕਟਰੀਆਂ ਜੋ 24-24 ਘੰਟੇ ਕੰਮ ਕਰਦੀਆਂ ਸਨ ਹੁਣ ਜਾ ਕੇ ਮਹਿੰਗਾ ਡੀਜ਼ਲ ਇਸਤੇਮਾਲ ਕਰਨ ਨੂੰ ਮਜਬੂਰ ਹਨ ਜਾਂ ਫਿਰ ਬਾਰਾਂ ਘੰਟੇ ਕੰਮ ਬੰਦ ਕਰਕੇ ਗੁਜ਼ਾਰਾ ਕਰ ਰਹੇ ਹਨ।