ਗਰੀਬ ਪਰਿਵਾਰਾਂ ਨੇ ਸਸਤੀ ਕਣਕ ਅਤੇ ਮਨਰੇਗਾ ਦੇ ਪੈਸੇ ਖਾਣ ਦੇ ਸਰਪੰਚ ਤੇ ਲਗਾਏ ਦੋਸ਼ - ਸ਼ਰਾਰਤੀ ਅਨਸਰ ਚੱਲਦੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼
ਤਰਨ ਤਾਰਨ: ਹਲਕਾ ਖੇਮਕਰਨ ਦੇ ਗਰੀਬ ਪਰਿਵਾਰਾਂ ਨੇ ਸਰਪੰਚ ਵੱਲੋਂ ਸਸਤੀ ਕਣਕ ਅਤੇ ਮਨਰੇਗਾ ਨਾ ਦੇਣ ਦੇ ਦੋਸ ਲਗਾਏ। ਇਸ ਮਾਮਲੇ 'ਤੇ ਗੱਲਬਾਤ ਕਰਦੇ ਗਰੀਬ ਪਰਿਵਾਰਾਂ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਪਿੰਡ ਦਾ ਕੋਈ ਵੀ ਵਿਕਾਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਆਟਾ ਦਾਲ ਸਕੀਮ ਦਾ ਵੀ ਕੋਈ ਲਾਭ ਨਹੀਂ ਮਿਲ ਰਿਹਾ ਅਤੇ ਮਨਰੇਗਾ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਹੁਣ ਤੱਕ ਕੋਈ ਵੀ ਪੈਸਾ ਨਹੀਂ ਮਿਲਿਆ। ਇਸ ਮਾਮਲੇ ਤੇ ਜਦੋਂ ਸਾਬਕਾ ਸਰਪੰਚ ਰਛਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਪੰਚ ਸਿਮਰਤਪਾਲ ਸਿੰਘ ਮੇਰਾ ਮੁੰਡਾ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਮੇਰੇ 'ਤੇ ਇਲਜ਼ਾਮ ਲਗਾ ਰਹੇ ਹਨ, ਉਹ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਦੇ ਪਿੰਡ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਜਾਣਾ ਚਾਹੁੰਦੇ ਹਾਂ, ਪਰ ਕੁੱਝ ਸ਼ਰਾਰਤੀ ਅਨਸਰ ਚੱਲਦੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।