ਫੋਕਲ ਪੁਆਇੰਟ ਨੂੰ ਖਮਾਣੋਂ ਮਾਰਕਿਟ ਕਮੇਟੀ ਨਾਲ ਜੋੜਨ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਰੋਸ
ਫਤਿਹਗੜ੍ਹ ਸਾਹਿਬ- ਕਾਂਗਰਸ ਸਰਕਾਰ ਵਿੱਚ ਨਵੀਂ ਬਣੀ ਮਾਰਕੀਟ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਅਧੀਨ ਆਏ ਫੋਕਲ ਪੁਆਇੰਟ ਰਾਏਪੁਰ ਮਾਜਰੀ ਦੇ ਲੋਕਾਂ ਵੱਲੋਂ ਫੋਕਲ ਪੁਆਇੰਟ ਨੂੰ ਖਮਾਣੋਂ ਮਾਰਕੀਟ ਕਮੇਟੀ ਦੇ ਨਾਲ ਜੋੜਨ ਦੇ ਲਈ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਫੋਕਲ ਪੁਆਇੰਟ ਰਾਏਪੁਰ ਮਾਜਰੀ ਦੇ ਆੜਤੀਏ ਅਮਰੀਕ ਸਿੰਘ ਰੋਮੀ ਨੇ ਦੱਸਿਆ ਕਿ ਇਹ ਫੋਕਲ ਪੁਆਇੰਟ ਪਹਿਲਾਂ ਮਾਰਕਿਟ ਕਮੇਟੀ ਖਮਾਣੋਂ ਦੇ ਨਾਲ ਜੁੜਿਆ ਹੋਇਆ ਸੀ। ਪਰ ਹੁਣ ਮਾਰਕੀਟ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਬਣਨ ਤੋਂ ਬਾਅਦ ਇਸ ਦੇ ਅਧੀਨ ਗਿਆ ਹੈ। ਜਿਸ ਕਰਕੇ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਫੋਕਲ ਪੁਆਇੰਟ ਨੂੰ ਫਿਰ ਤੋਂ ਖਮਾਣੋਂ ਮਾਰਕੀਟ ਕਮੇਟੀ ਦੇ ਨਾਲ ਜੋੜਿਆ ਜਾਵੇ ਕਿਉਂਕਿ ਉਨ੍ਹਾਂ ਦਾ ਪਿੰਡ ਹਲਕਾ ਬੱਸੀ ਪਠਾਣਾਂ ਦੇ ਵਿੱਚ ਪੈਂਦਾ ਹੈ। ਇਸ ਲਈ ਉਨ੍ਹਾਂ ਦੀ ਮੰਗ ਨੂੰ ਜਰੂਰ ਪੂਰਾ ਕੀਤਾ ਜਾਵੇ। ਉੱਥੇ ਹੀ ਮੌਜੂਦ ਹੋਰ ਲੋਕਾਂ ਦਾ ਕਹਿਣਾ ਸੀ ਕਿ ਸਾਡੇ ਕਈ ਪਿੰਡ ਹਲਕਾ ਬਸੀ ਪਠਾਣਾਂ ਦੇ ਵਿਚ ਆਉਂਦੇ ਹਨ ਜਦੋਂ ਕਿ ਸਾਡੇ ਪਿੰਡਾਂ ਨੂੰ ਹਲਕਾ ਅਮਲੋਹ ਦੇ ਅਧੀਨ ਆਉਂਦੇ ਮਾਰਕੀਟ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਨਾਲ ਜੋੜਿਆ ਗਿਆ ਹੈ ਜਿਸ ਕਰਕੇ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਵੇਗਾ।