ਨਗਰ ਕੌਂਸਲ ਭਦੌੜ ਨੇ ਕੋਆਪ੍ਰੇਟਿਵ ਸੁਸਾਇਟੀ ਭਦੌੜ ਨੂੰ ਕੱਢਿਆ ਨੋਟਿਸ - ਕੋਆਪਰੇਟਿਵ ਸੁਸਾਇਟੀ ਭਦੌੜ ਵੱਲ ਹਾਊਸ ਟੈਕਸ ਦਾ ਬਕਾਇਆ
ਬਰਨਾਲਾ: ਨਗਰ ਕੌਂਸਲ ਪ੍ਰਧਾਨ ਨੇ ਹਾਊਸ ਟੈਕਸ ਦੇ ਪਿਛਲੇ ਸਮੇਂ ਦੇ ਬਕਾਇਆਂ ਨੂੰ ਲੈ ਕੇ ਕੋਆਪਰੇਟਿਵ ਸੁਸਾਇਟੀ ਭਦੌੜ ਦੇ ਗੇਟ ਅੱਗੇ ਨੋਟਿਸ ਚਿਪਕਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਕਿ ਪਿਛਲੇ ਤਕਰੀਬਨ 8-9 ਸਾਲਾਂ ਦਾ ਤਕਰੀਬਨ 10 ਲੱਖ ਰੁਪਏ ਕੋਆਪਰੇਟਿਵ ਸੁਸਾਇਟੀ ਭਦੌੜ ਵੱਲ ਹਾਊਸ ਟੈਕਸ ਦਾ ਬਕਾਇਆ ਖੜ੍ਹਾ ਹੈ ਅਤੇ ਕੋਆਪਰੇਟਿਵ ਸੁਸਾਇਟੀ ਦੇ ਅਧਿਕਾਰੀ ਇਸ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੇ ਜਦੋਂ ਕਿ ਨਗਰ ਕੌਂਸਲ ਸ਼ਹਿਰ ਦੀ ਸਫਾਈ ਅਤੇ ਹੋਰ ਕੰਮਾਂ ਲਈ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਅਤੇ ਸਫਾਈ ਸੇਵਕਾਂ ਦੀ ਤਨਖ਼ਾਹ ਵੀ ਕਰਜ਼ਾ ਚੁੱਕ ਕੇ ਸ਼ਹਿਰ ਦੀ ਸਫਾਈ ਨੂੰ ਜਾਰੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਕੋਆਪਰੇਟਿਵ ਸੁਸਾਇਟੀ ਨੂੰ ਨਗਰ ਕੌਂਸਲ ਵੱਲੋਂ ਪਹਿਲਾਂ ਹੀ 3 ਨੋਟਿਸ ਕੱਢੇ ਜਾ ਚੁੱਕੇ ਹਨ ਪਰ ਉਨ੍ਹਾਂ ਨੇ ਟੈਕਸ ਨਹੀਂ ਭਰਿਆ ਅਤੇ ਅੱਜ ਇਹ ਚੌਥਾ ਨੋਟਿਸ ਉਨ੍ਹਾਂ ਨੂੰ ਭੇਜਿਆ ਹੈ ਪਰ ਉਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਜਿਸ ਕਰਕੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਪੱਤਰ ਨੰਬਰ 145/46 ਉਨ੍ਹਾਂ ਦੇ ਗੇਟ ’ਤੇ ਚਿਪਕਾਇਆ ਗਿਆ ਹੈ। ਇਸ ਦੇ ਨਾਲ ਹੀ, ਨਗਰ ਕੌਂਸਲ ਪ੍ਰਧਾਨ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ 29 ਅਪ੍ਰੈਲ ਤੱਕ ਟੈਕਸ ਭਰਨ ਲਈ ਕਿਹਾ ਗਿਆ ਹੈ ਅਤੇ ਜੇਕਰ ਉਹ 29 ਅਪ੍ਰੈਲ ਤੱਕ ਟੈਕਸ ਨਹੀਂ ਭਰਦੇ ਤਾਂ 29 ਅਪ੍ਰੈਲ ਤੋਂ ਬਾਅਦ ਕੋਆਪਰੇਟਿਵ ਸੁਸਾਇਟੀ ਨੂੰ ਸੀਲ ਕਰਨ ਦਾ ਨਗਰ ਕੌਂਸਲ ਵੱਲੋਂ ਨੋਟਿਸ ਜਾਰੀ ਕਰਕੇ ਮਿਥੀ ਹੋਈ ਤਾਰੀਖ ਨੂੰ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਕਿਸਾਨ ਵੀਰ ਨੂੰ ਪ੍ਰੇਸ਼ਾਨ ਕਰਨਾ ਨਹੀਂ ਪਰ ਕੋਆਪਰੇਟਿਵ ਸੁਸਾਇਟੀ ਵੱਲੋਂ ਨਗਰ ਕੌਂਸਲ ਦੇ ਰੋਕੇ ਟੈਕਸ ਨਾ ਭਰਨ ਦੇ ਸੰਬੰਧ ਵਿਚ ਸੁਸਾਇਟੀ ਨੂੰ ਸੀਲ ਕੀਤਾ ਜਾਵੇਗਾ।