ਡਿੱਗਦੀ ਅਰਥ ਵਿਵਸਥਾ 'ਤੇ ਮਨਮੋਹਨ ਸਿੰਘ ਨੇ ਜਤਾਈ ਚਿੰਤਾ, ਮੋਦੀ ਸਰਕਾਰ ਨੂੰ ਦਿੱਤੀ ਇਹ ਸਲਾਹ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਅਰਥ ਵਿਵਸਥਾ ਦੀ ਸਥਿਤੀ 'ਤੇ ਬੋਲਦਿਆਂ ਕਿਹਾ ਕਿ ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਤਿਮਾਹੀ ਦੀ ਜੀਡੀਪੀ ਵਿਕਾਸ ਦਰ 5 ਫ਼ੀਸਦੀ ਦਰਸਾਉਂਦੀ ਹੈ ਕਿ ਅਰਥ ਵਿਵਸਥਾ ਲੰਮੇ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਹੀ ਹੈ। ਭਾਰਤ ਦਾ ਵਿਕਾਸ ਦਰ ਤੇਜ਼ ਹੋਣ ਦੀ ਸੰਭਾਵਨਾ ਹੈ ਪਰ ਮੋਦੀ ਸਰਕਾਰ ਦੇ ਸਹੀ ਤਰੀਕੇ ਦੀ ਕਾਰਗੁਜ਼ਾਰੀ ਨਾ ਹੋਣ ਕਾਰਨ ਮੰਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਨਿਰਮਾਣ ਖੇਤਰ ਦੀ ਵਿਕਾਸ ਦਰ 0.6% ਦੇ ਪੱਧਰ 'ਤੇ ਪਹੁੰਚ ਰਹੀ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਨੂੰ ਇਕ ਪਾਸੇ ਕਰ ਕੇ ਆਰਥਿਕਤਾ ਨੂੰ ਸੰਕਟ ਤੋਂ ਬਾਹਰ ਕੱਢਿਆ ਜਾਵੇ।