ਹੱਕਾਂ ਲਈ ਡੀਸੀ ਦਫ਼ਤਰ ਅੱਗੇ ਗਰਜੇ ਮਜ਼ਦੂਰ
ਬਰਨਾਲਾ: ਜ਼ਿਲ੍ਹਾ ਦੀਆਂ ਤਿੰਨ ਖੱਬੇਪੱਖੀ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਕਚਹਿਰੀ ਚੌਂਕ ਤੋਂ ਰੋਹ ਭਰਪੂਰ ਮਾਰਚ ਕਰਦਿਆਂ ਡੀਸੀ ਦਫਤਰ ਪੁੱਜ ਕੇ ਰੋਸ ਧਰਨਾ ਦਿੱਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ। ਇਸ ਮੌਕੇ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਰੂੜੇਕੇ ਅਤੇ ਮਹਿਲਾ ਆਗੂ ਪਰਮਜੀਤ ਕੌਰ ਨੇ ਕਿਹਾ ਕਿ ਇੱਕ ਪਾਸੇ ਮਹਿੰਗਾਈ, ਬੇਰੁਜ਼ਗਾਰੀ ਨੇ ਮਜ਼ਦੂਰ ਜਮਾਤ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ ਪਰ ਸੂਬੇ ਦੀ ਮਾਨ ਸਰਕਾਰ ਨੇ ਮਜ਼ਦੂਰਾਂ ਨੂੰ ਕੋਈ ਵੱਡੀ ਰਾਹਤ ਤਾਂ ਕੀ ਦੇਣੀ ਹੈ ਅਜੇ ਤੱਕ ਉਨ੍ਹਾਂ ਦੇ ਹੱਕ 'ਚ ਮੂੰਹ ਤੱਕ ਨਹੀ ਖੋਲ੍ਹਿਆ। ਆਗੂਆਂ ਕਿਹਾ ਕਿ ਦਲਿਤ ਗਰੀਬ ਆਪਣਾ ਡੰਗਰ ਪਸ਼ੂ ਵੇਚਣ ਲਈ ਵੀ ਮਜ਼ਬੂਰ ਹਨ। ਮਨਰੇਗਾ ਦੇ ਫੰਡਾਂ ਵਿੱਚ ਲਗਾਤਾਰ ਕਟੌਤੀ ਕਾਰਨ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ। ਮੰਦੜਾ ਹਾਲ ਹੈ। ਮੰਗ ਪੱਤਰ ਭੇਜ ਕੇ ਇਕੱਠ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਦੇ ਮੁਤਾਬਕ ਝੋਨੇ ਦੀ ਲੁਆਈ ਘੱਟੋ ਘੱਟ 6000 ਪ੍ਰਤੀ ਏਕੜ ਦਾ ਤੈਅ ਕੀਤੀ ਜਾਵੇ,ਪੰਚਾਇਤੀ ਜ਼ਮੀਨ ਵਿੱਚੋਂ ਮਜ਼ਦੂਰਾਂ ਦੇ ਹਿੱਸੇ ਦੀ ਜ਼ਮੀਨ ਉਹਨਾਂ ਨੂੰ ਖੇਤੀ ਲਈ ਦਿੱਤੀ ਜਾਵੇ।