84 ਕਤਲੇਆਮ 'ਤੇ ਮਨਮੋਹਨ ਸਿੰਘ ਨੇ ਬੋਲਿਆ ਅਧੂਰਾ ਸੱਚ: ਸ਼੍ਰੋਮਣੀ ਅਕਾਲੀ ਦਲ - ਚੌਰਾਸੀ ਕਤਲੇਆਮ 'ਤੇ ਡਾ.ਮਨਮੋਹਨ ਸਿੰਘ ਦਾ ਬਿਆਨ
ਚੰਡੀਗੜ੍ਹ:ਇੰਦਰ ਕੁਮਾਰ ਗੁਜਰਾਲ ਦੇ ਜਨਮ ਦਿਹਾੜੇ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਚੌਰਾਸੀ ਕਤਲੇਆਮ 'ਤੇ ਬਿਆਨ ਆਇਆ ਹੈ। ਅਕਾਲੀ ਦਲ ਨੇ ਮਨਮੋਹਨ ਸਿੰਘ ਦੇ ਬਿਆਨ ਨੂੰ ਅੱਧਾ ਸੱਚ ਦੱਸਿਆ ਹੈ ਤੇ ਕਿਹਾ ਹੈ ਕਿ ਮਨਮੋਹਨ ਸਿੰਘ ਨੂੰ ਰਾਜੀਵ ਗਾਂਧੀ ਦਾ ਵੀ ਨਾਂਅ ਲੈਣਾ ਚਾਹੀਦਾ ਸੀ ਕਿਉਂਕਿ ਉਹ ਵੀ ਚੌਰਾਸੀ ਕਤਲੇਆਮ ਲਈ ਜ਼ਿੰਮੇਵਾਰ ਸੀ। ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕਿਹਾ ਕਿ ਅਕਾਲੀ ਦਲ ਉਸ ਸਮੇਂ ਵਿੱਚ ਵੀ ਕਹਿੰਦਾ ਰਿਹਾ ਕਿ ਉਸ ਵੇਲੇ ਦੀ ਸਰਕਾਰ ਨੇ ਨਾ ਫ਼ੌਜ ਬੁਲਾਈ ਜੇਕਰ ਬਾਅਦ ਵਿੱਚ ਫੌਜ ਆਈ ਵੀ ਤਾਂ ਉਸ ਨੂੰ ਕੋਈ ਵੀ ਹੁਕਮਨਾਮਾ ਜਾਰੀ ਨਹੀਂ ਕੀਤਾ ਜਿਸ ਤੋਂ ਬਹੁਤ ਨੁਕਸਾਨ ਝੱਲਣਾ ਪਿਆ। ਬਰਾੜ ਨੇ ਕਿਹਾ ਕਿ ਮਨਮੋਹਨ ਸਿੰਘ ਦੇ ਮੂੰਹ ਤੋਂ ਸੱਚ ਤਾਂ ਨਿਕਲ ਗਿਆ ਹੈ ਪਰ ਹਾਲੇ ਵੀ ਅੱਧੇ ਹੀ ਨਾਮ ਲਏ ਹਨ। ਬਰਾੜ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਨਾਮ ਨਰਸਿਮਾ ਰਾਓ ਦਾ ਦਿੱਤਾ ਪਰ ਅਸਲੀ ਜ਼ਿੰਮੇਵਾਰ ਤਾਂ ਰਾਜੀਵ ਗਾਂਧੀ ਵੀ ਸੀ। ਬਰਾੜ ਨੇ ਕਿਹਾ ਕਿ ਮਨਮੋਹਨ ਸਿੰਘ ਦੇ ਬਿਆਨ ਨੇ ਸਭ ਸੱਚ ਬਾਹਰ ਲਿਆਂਦਾ ਹੈ ਅਤੇ ਜ਼ਾਹਿਰ ਕਰ ਦਿੱਤਾ ਹੈ ਕਿ ਸਿੱਖਾਂ ਨਾਲ ਜੋ ਨਸਲਕੁਸ਼ੀ ਉਸ ਵੇਲੇ ਹੋਈ ਉਹਦੇ ਦੋਸ਼ੀ ਅੱਜ ਵੀ ਬਾਹਰ ਖੁੱਲ੍ਹੇ ਘੁੰਮ ਰਹੇ ਹਨ।