ਸਮੱਸਿਆਵਾਂ ਦੇ ਹੱਲ ਦੇ ਮਿਲੇ ਭਰੋਸੇ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਮਜੀਠਾ ਸਬ ਡਵੀਜ਼ਨ ਅੱਗੇ ਲੱਗੇ ਧਰਨੇ ਦੇ ਦੂਜੇ ਦਿਨ ਚੀਫ ਪਾਵਰਕੌਮ ਬਾਰਡਰ ਜੋਨ ਬਾਲ ਕ੍ਰਿਸ਼ਨ, ਐੱਸ.ਸੀ. ਜਤਿੰਦਰ ਸਿੰਘ ਵੱਲੋਂ ਪੈਡੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਾਰੀਆਂ ਮੰਗਾਂ ਦਾ ਹੱਲ ਕਰਨ ਦੇ ਲਿਖਤੀ ਭਰੋਸੇ ਅਤੇ ਪੰਜਾਬ ਪੱਧਰੀ ਮੰਗਾਂ ਸਬੰਧੀ 11 ਜੂਨ ਨੂੰ ਪਾਵਰਕੌਮ ਦੇ ਸੀ.ਐੱਮ.ਡੀ ਨਾਲ ਪਟਿਆਲਾ ਵਿਖੇ ਜਥੇਬੰਦੀ ਆਗੂਆਂ ਦੀ ਮੀਟਿੰਗ ਤੈਅ ਕਰਨ ਦੇ ਭਰੋਸੇ ਤੋਂ ਬਾਅਦ ਜਥੇਬੰਦੀ ਵੱਲੋਂ 1 ਜੂਨ ਨੂੰ ਰੇਲਾਂ ਰੋਕਣ ਦੇ ਐਲਾਨ ਨੂੰ ਮੁਲਤਵੀ ਕਰ ਦਿੱਤਾ ਗਿਆ। ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਬਿਲਕੁਲ ਨੇੜੇ ਹੋਣ ਦੇ ਬਾਵਜੂਦ ਵੀ ਪਾਵਰਕਾਮ ਵੱਲੋਂ ਬਿਜਲੀ ਸਮਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨੂੰ ਨਿਰਵਿਘਨ ਦੇਣਾ, ਬਿਜਲੀ ਲਾਈਨਾਂ ਦੀ ਮੁਰੰਮਤ ਕਰਨੀ, ਸੜੇ ਟ੍ਰਾਂਸਫਾਰਮਰ 24 ਘੰਟੇ ਵਿੱਚ ਚੜਾਉਣੇ,ਦਫਤਰਾਂ ਵਿੱਚ ਖਪਤਕਾਰਾਂ ਦੀ ਹੁੰਦੀ ਖੱਜਲ ਖ਼ੁਆਰੀ ਅਤੇ ਭ੍ਰਿਸ਼ਟਾਚਾਰ ਨੂੰ ਬੰਦ ਕਰਨਾ ਆਦਿ ਵੱਡੀਆਂ ਮੰਗਾ ਹਨ। ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸ਼ਨ ਨਾਲ ਸਬੰਧਤ ਮੰਗਾਂ ਨੂੰ ਲੈਕੇ ਡੀ.ਐਸ.ਪੀ. ਦਫਤਰ ਮਜੀਠਾ ਅੱਗੇ ਮੋਰਚਾ 14ਵੇਂ ਦਿਨ ਵੀ ਜਾਰੀ ਰਿਹਾ।