ਪੀਐਮ 'ਤੇ ਵਿਵਾਦਤ ਟਵਿਟ ਨੂੰ ਲੈ ਕੇ ਜਿਗਨੇਸ਼ ਮੇਵਾਨੀ ਨੂੰ ਅਸਾਮ ਪੁਲਿਸ ਨੇ ਕੀਤਾ ਗ੍ਰਿਫਤਾਰ
ਅਸਾਮ: ਵਿਧਾਇਕ ਜਿਗਨੇਸ਼ ਮੇਵਾਨੀ ਨੂੰ ਇੱਕ ਵਿਵਾਦਤ ਟਵੀਟ ਨੂੰ ਲੈ ਕੇ ਬੁੱਧਵਾਰ ਰਾਤ ਨੂੰ ਅਸਾਮ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਵੀਰਵਾਰ ਨੂੰ ਕੋਕਰਾਝਾਰ ਲਿਜਾਇਆ ਗਿਆ। ਕੋਕਰਾਝਾਰ ਜ਼ਿਲੇ ਦੇ ਵਧੀਕ ਪੁਲਿਸ ਸੁਪਰਡੈਂਟ ਸੁਰਜੀਤ ਸਿੰਘ ਪਨੇਸਰ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਗੁਜਰਾਤ ਦੇ ਪਾਲਨਪੁਰ ਤੋਂ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਉਸ ਨੂੰ ਹਵਾਈ ਜਹਾਜ਼ ਰਾਹੀਂ ਗੁਹਾਟੀ ਅਤੇ ਫਿਰ ਗੁਹਾਟੀ ਤੋਂ ਕੋਕਰਾਝਾਰ ਦੇ ਸਦਰ ਪੁਲਿਸ ਸਟੇਸ਼ਨ 'ਚ ਸੜਕ ਮਾਰਗ 'ਤੇ ਲਿਜਾਇਆ ਗਿਆ। ਦੂਜੇ ਪਾਸੇ ਕਾਂਗਰਸੀ ਵਰਕਰਾਂ ਨੇ ਵਿਧਾਇਕ ਜਿਗਨੇਸ਼ ਮੇਵਾਨੀ ਨੂੰ ਕੋਕਰਾਝਾਰ ਥਾਣੇ 'ਚ ਲਿਆਉਣ ਤੋਂ ਬਾਅਦ ਵੱਖ-ਵੱਖ ਨਾਅਰਿਆਂ ਨਾਲ ਪ੍ਰਦਰਸ਼ਨ ਕੀਤਾ। ਵਿਧਾਇਕ 'ਤੇ 18 ਅਪ੍ਰੈਲ ਨੂੰ ਪ੍ਰਧਾਨ ਮੰਤਰੀ 'ਤੇ ਲੜੀਵਾਰ ਟਿੱਪਣੀਆਂ ਕਰਨ ਦਾ ਦੋਸ਼ ਸੀ। 19 ਅਪ੍ਰੈਲ ਨੂੰ ਕੋਕਰਾਝਾਰ ਸਦਰ ਪੁਲਿਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕਰਵਾਈ ਗਈ ਸੀ। ਐੱਫ.ਆਈ.ਆਰ. ਦੇ ਆਧਾਰ 'ਤੇ ਪੁਲਿਸ ਨੇ ਵਿਧਾਇਕ ਜਿਗਨੇਸ਼ ਵਿਰੁੱਧ ਮਾਮਲਾ (ਨੰਬਰ 153/2022) ਦਰਜ ਕੀਤਾ ਸੀ।