ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਸ਼ਾਹ ਤੇ ਮੋਦੀ ਕੋਲ ਜਾਣ ਅਕਾਲੀ: ਹਰਪਾਲ ਚੀਮਾ - balwant singh rajoana death sentence
ਸੰਗਰੂਰ:ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਅਦਾਲਤ ਵਿੱਚ ਜਾਣ 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਅਕਾਲੀ ਭਾਜਪਾ ਦਾ ਦੋਗਲਾ ਚੇਹਰਾ ਬੇਨਕਾਬ ਹੋ ਗਿਆ ਹੈ। ਚੀਮਾ ਨੇ ਕਿਹਾ ਕਿ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਅਕਾਲੀ ਦਲ ਨੂੰ ਅਦਾਲਤ 'ਚ ਜਾਣ ਦੀ ਲੋੜ ਨਹੀਂ ਹੈ, ਸਗੋਂ ਅਕਾਲੀਆਂ ਨੂੰ ਕੇਂਦਰ ਦੀ ਭਾਈਵਾਲ ਸਰਕਾਰ ਖ਼ਾਸ ਕਰਕੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕੋਲ ਜਾ ਕੇ ਰਾਜੋਆਣਾ ਦਾ ਸਜ਼ਾ ਮੁਆਫ਼ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਸਰਕਾਰ ਬਣਨ ਤੋਂ ਪਹਿਲਾ ਪੰਜਾਬ ਵਿੱਚ ਚੱਲ ਰਹੇ ਸਾਰੇ ਮਾਫੀਆ ਨੂੰ ਖ਼ਤਮ ਕਰਨ ਦੀ ਗੱਲ ਕਰ ਰਹੇ ਸਨ ਪਰ ਕੈਪਟਨ ਅੱਜ ਖੁਦ ਮਾਫੀਆ ਨੂੰ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਸਾਰੇ ਮਾਫੀਆ ਬੰਦ ਹੋਣ ਨਾਲ ਹੀ ਪੰਜਾਬ ਦਾ ਖਜ਼ਾਨਾ ਭਰ ਸਕੇਗਾ ਤੇ ਨਾਲ ਹੀ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਮੀਡੀਆ ਵਿੱਚ ਨਹੀਂ ਬਲਕਿ ਖਜ਼ਾਨਾ ਭਰਨ ਦੀ ਸਲਾਹ ਕੈਪਟਨ ਨੂੰ ਦੇਣੀ ਚਾਹੀਦੀ। ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਿਜਲੀ ਦੀਆਂ ਵਧਦੀਆਂ ਕੀਮਤਾਂ ਕਾਰਨ 7 ਜਨਵਰੀ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰੇਗੀ।