'ਭਾਰਤ ਸਿੱਧੂ ਟਰੇਡਿੰਗ ਕੰਪਨੀ' ਫਰਮ ਦੇ ਜਾਅਲੀ ਬਿੱਲ ਬਣਾ ਕੇ ਠੱਗੇ ਲੱਖਾਂ ਰੁਪਏ - 'ਭਾਰਤ ਸਿੱਧੂ ਟਰੇਡਿੰਗ ਕੰਪਨੀ
ਬਠਿੰਡਾ: ਜ਼ਿਲ੍ਹੇ ਦੇ ਇੱਕ ਨਿੱਜੀ ਫਰਮ ਦੇ ਮਾਲਕ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਜਾਅਲੀ ਬਿੱਲ ਬਣਾਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਬਠਿੰਡਾ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਭਾਰਤ ਸਿੱਧੂ ਟਰੇਡਿੰਗ ਕੰਪਨੀ' ਦੇ ਮਾਲਕ ਦਿਲਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਸ ਦੀ ਫਰਮ ਦੀ ਸਾਈਟ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਹੈਕ ਕੀਤਾ ਤੇ ਜਾਅਲੀ ਬਿੱਲ ਬਣਾ ਕੇ ਆਨਲਾਈਨ 13 ਕਰੋੜ ਰੁਪਏ ਦਾ ਆਰਡਰ ਲੈ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁੱਝ ਰਕਮ ਆਪਣੇ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਈ। ਸਿੱਧੂ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਆਰਡਰ ਦੇਣ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਉਸ ਦੇ ਘਰ ਆ ਕੇ ਸਾਰੇ ਕਾਗਜ਼ਾਤ ਵਿਖਾਏ। ਉਨ੍ਹਾਂ ਕਿਹਾ ਕਿ ਜੋ ਕੁੱਝ ਵੀ ਮੇਰੀ ਫ਼ਰਮ ਦੇ ਨਾਂਅ 'ਤੇ ਹੋ ਰਿਹਾ ਹੈ, ਉਹ ਉਕਤ ਅਣਪਛਾਤੇ ਵਿਅਕਤੀਆਂ ਵੱਲੋਂ ਧੋਖਾਧੜੀ ਕਰਕੇ ਉਸ ਨੂੰ ਝੂਠੇ ਪੁਲਿਸ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ 8 ਜੁਲਾਈ ਨੂੰ ਐਸਐਸਪੀ ਬਠਿੰਡਾ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਜਾਲਸਾਜ਼ੀ ਕਰਨ ਵਾਲੇ ਇਨ੍ਹਾਂ ਵਿਅਕਤੀਆਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਇੰਨੀ ਵੱਡੀ ਠੱਗੀ ਕਰਨ ਵਾਲਿਆਂ ਦਾ ਪਰਦਾਫਾਸ਼ ਹੁੰਦਾ ਹੈ ਜਾ ਨਹੀਂ।