ਪੈਸੇ ਦੇ ਲੈਣ ਦੇਣ ਨੂੰ ਲੈ ਕੇ ਚੱਲੀ ਗੋਲੀ, ਇੱਕ ਦੀ ਹੋਈ ਮੌਤ - Killed in Kotkapura latest news
ਕੋਟਕਪੂਰਾ ਸ਼ਹਿਰ ਵਿੱਚ ਬੀਤੀ ਦੇਰ ਸ਼ਾਮ ਗੋਲੀ ਚੱਲਣ ਦੀ ਘਟਨਾ 'ਚ ਇਕ ਨੌਜਵਾਨ ਦੀ ਮੌਤ ਤੇ ਦੂਜੇ ਦੇ ਜ਼ਖਮੀ ਹੋਣ ਦੀ ਖਬਰ ਹੈ। ਡੀਐੱਸਪੀ ਬਲਕਾਰ ਸਿੰਘ ਸੰਧੂ ਕੋਟਕਪੂਰਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਰਣਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਫਰੀਦਕੋਟ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਨ੍ਹਾਂ ਨੇ ਪਿੰਡ ਲਾਲੇਆਣਾ ਵਿਖੇ ਸ਼ੈਲਰ ਮਾਲਕਾਂ ਤੋਂ ਪੈਸੇ ਲੈਣੇ ਸਨ ਅਤੇ ਕਿਸਾਨ ਰਾਈਸ ਮਿੱਲ ਦੇ ਮਾਲਕ ਗੁਰਦੇਵ ਸਿੰਘ ਨੇ ਖੁਦ ਫੋਨ ਕਰ ਕੇ ਉਸ ਨੂੰ ਤੇ ਉਸ ਦੇ ਦੋਸਤ ਮਨਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਫ਼ਰੀਦਕੋਟ ਨੂੰ ਆਪਣੀ ਬਕਾਇਆ ਰਕਮ ਲਿਜਾਣ ਲਈ ਆਖਿਆ। ਉਹ ਅਜੇ ਸ਼ੈਲਰ ਦੇ ਬਾਹਰ ਦਰਵਾਜ਼ੇ ਤੱਕ ਹੀ ਪੁੱਜੇ ਸੀ ਤਾਂ ਉੱਥੇ ਹਾਜ਼ਰ ਗੁਰਦੇਵ ਸਿੰਘ ਅਤੇ ਉਸ ਦੇ ਪੁੱਤਰ ਗਗਨਦੀਪ ਸਿੰਘ ਨੇ ਡੱਬ 'ਚੋਂ ਪਿਸਤੌਲ ਕੱਢ ਕੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ। ਸ਼ਿਕਾਇਤ ਕਰਤਾ ਅਨੁਸਾਰ ਉਹ ਖੁਦ ਖਤਰਾ ਭਾਂਪ ਕੇ ਜ਼ਮੀਨ 'ਤੇ ਲੇਟ ਗਿਆ ਜਦਕਿ ਉਸ ਦੇ ਦੋਸਤ ਮਨਦੀਪ ਸਿੰਘ ਦੇ ਗੋਲੀ ਲੱਗਣ ਕਾਰਣ ਉਸ ਦੀ ਮੌਤ ਹੋ ਗਈ। ਡੀਐੱਸਪੀ ਨੇ ਦੱਸਿਆ ਕਿ ਲਾਸ਼ ਸਿਵਲ ਹਸਪਤਾਲ ਦੀ ਮੌਰਚਰੀ 'ਚ ਰੱਖੀ ਗਈ ਹੈ ਅਤੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਸ਼ੈਲਰ ਮਾਲਕਾਂ ਖਿਲਾਫ਼ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।