ਮੰਗਾਂ ਨੂੰ ਲੈਕੇ ਕਿਸਾਨਾਂ ਨੇ ਮਾਨ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ - ਸਰਕਾਰ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣੇ ਚਾਹੀਦੇ
ਜਲੰਧਰ: ਸੂਬੇ ਵਿੱਚ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਜਾਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਨੂੰ ਲੈਕੇ ਮੁਹਿੰਮ ਵਿੱਢੀ ਗਈ ਹੈ। ਇਸ ਵਿਚਾਲੇ ਜਲੰਧਰ ਵਿੱਚ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਇਹ ਪ੍ਰਦਰਸ਼ਨ ਸ਼ਾਹਕੋਟ ਟੋਲ ਪਲਾਜਾ ਨੇੜੇ ਕੀਤਾ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਉੱਪਰ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਅਬਾਦਕਾਰਾਂ ਕੋਲੋਂ ਜ਼ਮੀਨਾਂ ਖੋਹਣ ਦੀਆਂ ਕੋਸ਼ਿਸ਼ ਕਰ ਰਹੀ ਜਿਸ ਨੂੰ ਉਹ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਨਵੀਂ ਸਰਕਾਰ ਉੱਪਰ ਵਰ੍ਹਦਿਆਂ ਕਿਹਾ ਕਿ ਜਿਹੜੀ ਵੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੀ ਜੋ ਕਿ ਨਹੀਂ ਕਰਨਾ ਚਾਹੀਦਾ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣੇ ਚਾਹੀਦੇ ਹਨ ਨਾ ਕਿ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾਵੇ।