ਨਾਭਾ ਵਿਖੇ ਕਿਸਾਨਾਂ ਨੇ ਬਠਿੰਡਾ/ਅੰਬਾਲਾ ਰੇਲਵੇ ਟਰੈਕ ਕੀਤਾ ਜਾਮ - ਜ਼ਿਲ੍ਹਾ ਪੱਧਰੀ ਧਰਨਾ
ਨਾਭਾ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਦੇਸ਼ ਭਰ ’ਚ ਵੀਰਵਾਰ ਨੂੰ ਰੇਲਾਂ ਰੋਕੀਆਂ ਗਈਆਂ। ਇਸੇ ਤਹਿਤ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਾਭਾ ਵਿਖੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ ਅਤੇ ਬਠਿੰਡਾ/ਅੰਬਾਲਾ ਰੇਲਵੇ ਟਰੈਕ ਨੂੰ ਜਾਮ ਕਰ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਦਿੱਲੀ ਵਿਖੇ ਸ਼ਹੀਦ ਹੋਏ ਕਿਸਾਨਾਂ ਲਈ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਅਤੇ ਅਮਰੀਕ ਸਿੰਘ ਕਿਸਾਨ ਆਗੂ ਨੇ ਕਿਹਾ ਕਿ ਅੱਜ ਪੂਰੇ ਦੇ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੇਲਾਂ ਰੋਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਨਹੀਂ ਛੱਡ ਰਹੀ ਅਤੇ ਜਿੰਨੀ ਦੇਰ ਕੇਂਦਰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।