ਪਿੰਡ ਦਾਦੂਮਾਜਰਾ ਦੇ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੀਤੀ ਖੁਦਕੁਸ਼ੀ - ਸ੍ਰੀ ਫਤਿਹਗੜ੍ਹ ਸਾਹਿਬ
ਸ੍ਰੀ ਫਤਿਹਗੜ੍ਹ ਸਾਹਿਬ: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨਾਂ ਦੇ ਖੁਦਕਸ਼ੀ ਕਰਨ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਅਜਿਹਾ ਹੀ ਇੱਕ ਮਾਮਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਦਾਦੂਮਾਜਰਾ ਤੋਂ ਸਾਹਮਣੇ ਆਇਆ ਹੈ। ਜਿਥੇ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਪੰਚ ਵੱਲੋਂ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਦੀ ਪਹਿਚਾਣ ਗੁਰਮੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਦਾਦੂਮਾਜਰਾ ਵਜੋਂ ਹੋਈ ਹੈ ਜੋ ਕਿ ਪਿੰਡ ਦਾ ਮਜੂਦਾ ਪੰਚ ਸਨ। ਇਸ ਸਬੰਧੀ ਮ੍ਰਿਤਕ ਦੇ ਪੁੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਿਰ 4 ਲੱਖ ਦੇ ਕਰੀਬ ਕਰਜ਼ਾ ਸੀ। ਜਿਸਨੂੰ ਲੈਕੇ ਉਸਦੇ ਪਿਤਾ ਪਰੇਸ਼ਾਨ ਰਹਿੰਦੇ ਸਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਕਰਜ਼ੇ ਨੂੰ ਮੁਆਫ਼ ਕੀਤਾ ਜਾਵੇ। ਉਥੇ ਹੀ ਥਾਣਾ ਬਡਾਲੀ ਆਲਾ ਸਿੰਘ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ ਦੇ ਸਿਰ ਕਰਜ਼ਾ ਸੀ। ਜਿਸ ਤੋਂ ਪ੍ਰੇਸ਼ਾਨ ਹੋਕੇ ਗੁਰਮੀਤ ਸਿੰਘ ਵਲੋਂ ਗਲ ਫਾਹਾ ਲੈਕੇ ਖੁਦਕੁਸ਼ੀ ਕੀਤੀ ਗਈ ਹੈ ਅਤੇ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।