ਮੁਲਾਜ਼ਮਾਂ ਨੇ ਮਾਨ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ, ਦਿੱਤੀ ਇਹ ਚਿਤਾਵਨੀ
ਫਰੀਦਕੋਟ: ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਤਜ਼ਵੀਜ਼ ਨਾ ਲਿਆਉਣ ਦੇ ਰੋਸ ਵਜੋਂ ਸਾਂਝਾ ਮੁਲਾਜ਼ਮ ਜਥੇਬੰਦੀਆਂ ਵੱਲੋਂ ਬਜਟ ਦੀਆ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ। ਇਸ ਮੌਕੇ ਮੁਲਾਜ਼ਮ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾ ਤੁਰੰਤ ਮੰਨੀਆਂ ਜਾਣਗੀਆਂ ਭਾਵੇ ਉਹ ਕੱਚੇ ਮੁਲਜ਼ਮ ਪੱਕੇ ਕਰਨ ਦੀ ਹੋਵੇ,ਬਕਾਇਆ ਕਿਸ਼ਤਾ ਜਾਰੀ ਕਰਨ ਜਾਂ ਫਿਰ ਪੁਰਾਣੀ ਪੈਨਸ਼ਨ ਸਕੀਮ ਨੂੰ ਪਹਿਲੇ ਬਜਟ ਵਿੱਚ ਹੀ ਲਾਗੂ ਕਰਨ ਦਾ ਵਾਅਦਾ ਹੋਵੇ ਇੱਕ ਵੀ ਪੂਰਾ ਨਹੀਂ ਕੀਤਾ ਗਿਆ ਇਥੋਂ ਤੱਕ ਕੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਤਜ਼ਵੀਜ਼ ਵੀ ਇਸ ਬਜਟ ਚ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਮੁਲਾਜ਼ਮਾਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਬਦਲਾਅ ਅਤੇ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਚ ਲਿਆਂਦਾ ਸੀ ਪਰ ਇਹ ਸਰਕਾਰ ਵੀ ਦੂਜਿਆਂ ਸਰਕਾਰਾਂ ਵਾਂਗ ਠੱਗ ਰਹੀ ਹੈ। ਉਨ੍ਹਾਂ ਕਿਹਾ ਕੇ ਜੇਕਰ ਪੰਜਾਬ ਦੇ ਲੋਕ ਸਿਰ ’ਤੇ ਬਿਠਾਉਣਾ ਜਾਣਦੇ ਹਨ ਤਾਂ ਹੇਠਾਂ ਵੀ ਲਾਉਣਾ ਜਾਣਦੇ ਹਨ ਜਿਸ ਦੀ ਮਿਸਾਲ ਸੰਗਰੂਰ ਜਿਮਨੀ ਚੋਣਾਂ ’ਚ ਲੋਕਾਂ ਨੇ ਦਿੱਤੀ ਹੈ।