ਨਸ਼ਾ ਤਸਕਰ ਘਰ ਨਸ਼ਾ ਕਰਨ ਵਾਲੇ ਦੀ ਹੋਈ ਮੌਤ - ਸ਼ਰੇਆਮ ਹੈਰੋਇਨ ਵੇਚਣ ਦਾ ਕੰਮ
ਤਰਨਤਾਰਨ: ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਭਾਈ ਲੱਧੂ ਵਿਖੇ ਨਸ਼ਾ ਵੇਚਣ ਵਾਲੇ ਵਿਅਕਤੀ ਦੇ ਘਰ ਇਕ ਨੌਜਵਾਨ ਵਲੋਂ ਟੀਕਾ ਲਾਉਣ ਕਾਰਨ ਉਸਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗੁਰਸਾਹਬ ਸਿੰਘ ਘਰੋਂ ਕੰਮ ਲਈ ਨਿਕਲਿਆ ਸੀ ਪਰ ਉਹ ਕੰਮ ਤੇ ਜਾਣ ਦੇ ਥਾਂ ਜੋਧਾ ਸਿੰਘ ਨਾਂ ਦੇ ਵਿਅਕਤੀ ਦੇ ਘਰ ਚਲਾ ਗਿਆ ਜੋ ਕਿ ਸ਼ਰੇਆਮ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ, ਜਿੱਥੇ ਗੁਰਸਾਹਿਬ ਸਿੰਘ ਨੇ ਨਸ਼ੇ ਵਾਲਾ ਟੀਕਾ ਲਾ ਲਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਭਾਈ ਲੱਧੂ ਵਿਖੇ ਯੋਧਾ ਸਿੰਘ ਅਤੇ ਹੋਰ ਵੀ ਕਈ ਵਿਅਕਤੀ ਸ਼ਰੇਆਮ ਨਸ਼ਾ ਵੇਚ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ ਜਿਸ ਦਾ ਨਤੀਜਾ ਸਾਰਿਆਂ ਸਾਹਮਣੇ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ੇ ਨੂੰ ਪਿੰਡ ਵਿੱਚੋਂ ਬੰਦ ਕਰਵਾਇਆ ਜਾਵੇ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।