ਮਹਿੰਗਾਈ ਨੂੰ ਲੈਕੇ ਕਾਂਗਰਸ ਦਾ ਕੇਂਦਰ ਖਿਲਾਫ਼ ਹੱਲ ਬੋਲ - ਗ਼ਰੀਬ ਵਰਗ ਬੁਰੀ ਤਰ੍ਹਾਂ ਪ੍ਰਭਾਵਤ
ਬਠਿੰਡਾ: ਕੇਂਦਰ ਸਰਕਾਰ ਵੱਲੋਂ ਲਗਾਤਾਰ ਘਰੇਲੂ ਵਸਤੂਆਂ ਤੇ ਜੀਐੱਸਟੀ ਨੂੰ ਲੈ ਕੇ ਕੀਤੇ ਜਾ ਰਹੇ ਫੈਸਲਿਆਂ ਦੇ ਵਿਰੋਧ ਵਿਚ ਬਠਿੰਡਾ ਦੇ ਅੰਬੇਦਕਰ ਪਾਰਕ ਵਿਖੇ ਕਾਂਗਰਸ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਅਜਿਹੀਆਂ ਵਸਤਾਂ ਤੇ ਜੀਐਸਟੀ ਲਗਾਇਆ ਜਾ ਰਿਹਾ ਹੈ ਜਿਸ ਨਾਲ ਗ਼ਰੀਬ ਵਰਗ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੇ ਕਿਹਾ ਕਿ ਕੇਂਦਰ ਵੱਲੋਂ ਤੀਹ ਕਿੱਲੋ ਤੋਂ ਉਪਰ ਆਟਾ ਖ਼ਰੀਦਣ ਤੇ ਕੋਈ ਜੀਐਸਟੀ ਨਹੀਂ ਲਗਾਇਆ ਗਿਆ ਉਲਟਾ ਇੱਕ ਕਿੱਲੋ ਆਟਾ ਖ਼ਰੀਦਣ ਵਾਲੇ ਨੂੰ ਜੀਐਸਟੀ ਦੇਣਾ ਪਵੇਗਾ ਜਿਸ ਤੋਂ ਸਾਫ ਜ਼ਾਹਿਰ ਹੈ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ ਜਿਸ ਨਾਲ ਗ਼ਰੀਬ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਘਰੇਲੂ ਗੈਸ ਸਿਲੰਡਰ ਦੀ ਕੀਮਤ ਗਿਆਰਾਂ ਸੌ ਰੁਪਏ ਹੋ ਗਈ ਹੈ। ਕੇਂਦਰ ਸਰਕਾਰ ਗਰੀਬੀ ਹਟਾਉਣ ਦੀ ਬਜਾਏ ਗ਼ਰੀਬਾਂ ਨੂੰ ਹਟਾਉਣ ਦੇ ਕੰਮ ਕਰ ਰਹੀ ਹੈ। ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲੀਆਂ ਘਰੇਲੂ ਵਸਤਾਂ ਤੇ ਜੀਐੱਸਟੀ ਨਾ ਲਗਾਵੇ ਤਾਂ ਜੋ ਗ਼ਰੀਬ ਦੋ ਵਾਰ ਟਾਈਮ ਦੀ ਰੋਟੀ ਖਾ ਸਕਣ।