ਵਿਧਾਇਕ ਚੱਬੇਵਾਲ ਨੇ ਆਪ ਸਰਕਾਰ ਖਿਲਾਫ ਦਿੱਤਾ ਧਰਨਾ, ਕਿਹਾ- 'ਮਾਨ ਸਰਕਾਰ ਗਰੀਬਾਂ ਦੀ ਵਿਰੋਧੀ' - ਡੀਸੀ ਦਫਤਰ ਬਾਹਰ ਧਰਨਾ ਲਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ: ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਡੀਸੀ ਦਫਤਰ ਬਾਹਰ ਧਰਨਾ ਲਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਸਮੇਤ ਪਿੰਡਾਂ ਦੇ ਸਰਪੰਚਾਂ ਨੇ ਭਾਗ ਲਿਆ। ਇਸ ਮੌਕੇ ਵਿਧਾਇਕ ਡਾ. ਰਾਜ ਕੁਮਾਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਗਰੀਬ ਲੋਕਾਂ ਦੇ ਵਿਰੋਧੀ ਹਨ। ਕਿਉਂਕਿ ਸਰਕਾਰ ਵਲੋਂ ਲੋਕਾਂ ਲਈ ਪੱਕੇ ਮਕਾਨਾਂ ਲਈ ਆਏ ਪੈਸੇ ਵਾਪਿਸ ਲੈ ਲਏ ਗਏ ਹਨ। ਜਿਸ ਕਾਰਨ ਲੋਕਾਂ ਨੂੰ ਪੱਕੇ ਮਕਾਨ ਮਿਲਣ ਦੀ ਆਸ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਆਪ ਸਰਕਾਰ ਸ਼ਰੇਆਮ ਧੱਕੇਸ਼ਾਹੀ ’ਤੇ ਉਤਰ ਆਈ ਹੈ ਤੇ ਲੋਕ ਹੁਣ ਇਸਨੂੰ ਹੋਰ ਬਰਦਾਸ਼ਤ ਨਹੀਂ ਕਰਣਗੇ। ਉਨ੍ਹਾਂ ਕਿਹਾ ਕਿ ਚੱਬੇਵਾਲ ਚ ਕਾਂਗਰਸ ਦੇ ਕੰਮਾਂ ਦਾ ਉਦਘਾਟਨ ਆਪ ਦੇ ਹਾਰੇ ਹੋਏ ਉਮੀਦਵਾਰ ਵਲੋਂ ਕੀਤਾ ਜਾ ਰਿਹਾ ਹੈ ਜੋ ਕਿ ਇਕ ਗੰਦੀ ਰਾਜਨੀਤੀ ਦੀ ਨਿਸ਼ਾਨੀ ਹੈ।