ਪੰਜਾਬ ਦੇ ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਕੀਤਾ ਐਲਾਨ, ਤੈਅ ਕੀਤੀ ਇਹ ਤਰੀਕ
ਬਰਨਾਲਾ: ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਵੱਲੋਂ 2 ਜੂਨ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਦੀਆਂ ਤਿਆਰੀਆਂ ਵਜੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਹੋਈ। ਬੇਰੁਜ਼ਗਾਰਾਂ ਦੀ ਮੰਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਜਾਰੀ ਹੋਈਆਂ ਮਾਮੂਲੀ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਨੂੰ ਵਧਾ ਕੇ 18,000 ਕੀਤਾ ਜਾਵੇ ਅਤੇ ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਮਾਮੂਲੀ 1407 ਅਸਾਮੀਆਂ ਨੂੰ ਵਧਾ ਕੇ 9000 ਕਰਕੇ ਤੁਰੰਤ ਲਿਖਤੀ ਪ੍ਰੀਖਿਆ ਲਈ ਜਾਵੇ। ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੀ ਪਿਛਲੀਆਂ ਰਵਾਇਤੀ ਸਰਕਾਰਾਂ ਵਾਂਗ ਲਾਰੇਬਾਜ਼ ਸਾਬਤ ਹੋ ਰਹੀ ਹੈ ਕਿਉਂਕਿ 8 ਜਨਵਰੀ ਤੋਂ ਜਾਰੀ ਇਸ਼ਤਿਹਾਰ ਨੂੰ ਮੁਕੰਮਲ ਕਰਨ ਦੀ ਬਜਾਏ ਲਗਾਤਾਰ ਤਰੀਕਾਂ ਵਧਾਈਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਚੋਣਾਂ ਮੌਕੇ ਕੀਤੇ ਵਾਅਦੇ ਅਨੁਸਾਰ ਨਾ ਹੀ ਅਸਾਮੀਆਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਨਾ ਹੀ ਲਿਖਤੀ ਪ੍ਰੀਖਿਆ ਲਈ ਜਾ ਰਹੀ ਹੈ। ਬੇਰੁਜ਼ਗਾਰਾਂ ਨੇ 2 ਜੂਨ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦੇ ਘਿਰਾਓ ਮੌਕੇ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਭਰੋਸਾ ਦਿੱਤਾ ਹੈ।
Last Updated : Jun 1, 2022, 6:21 AM IST