ਸੀਐੱਮ ਮਾਨ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦਾ ਐਲਾਨ, 'ਆਪ' ਆਗੂਆਂ ਨੇ ਵੰਡੇ ਲੱਡੂ
ਫਿਰੋਜ਼ਪੁਰ: ਪੰਜਾਬ ਦੀ ਮਾਨ ਸਰਕਾਰ ਵੱਲੋਂ ਇੱਕ ਮਹੀਨੇ ਦੇ ਪੂਰੇ ਹੋਏ ਕਾਰਜਕਾਲ ’ਚ 1 ਜੁਲਾਈ ਤੋਂ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਵੱਲੋਂ ਲੱਡੂ ਵੰਡੇ। ਇਸ ਦੌਰਾਨ ਜਿਲ੍ਹਾ ਪ੍ਰਧਾਨ ਚੰਦ ਸਿੰਘ ਗਿੱਲ ਅਤੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਸਰਕਾਰ ਨੂੰ ਬਣੇ ਅਜੇ ਇੱਕ ਮਹੀਨਾ ਹੀ ਹੋਇਆ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ 300 ਯੂਨਿਟ ਤੋਂ ਵੱਧ ਬਿੱਲ ਆਵੇਗਾ ਤਾਂ ਸਾਰਾ ਬਿੱਲ ਦੇਣਾ ਪਵੇਗਾ ਇੱਥੇ ਉਨ੍ਹਾਂ ਸਪਸ਼ਟ ਕਰਦੇ ਹੋਏ ਕਿਹਾ ਕਿ 300 ਤੋਂ ਉੱਪਰ ਜੇ 310 ਯੂਨਿਟ ਬਿੱਲ ਆਉਂਦਾ ਹੈ ਤਾਂ ਇੱਥੇ ਬਿਜਲੀ ਉਪਭੋਗਤਾ ਨੂੰ ਸਿਰਫ 10 ਯੂਨਿਟ ਦਾ ਬਿੱਲ ਹੀ ਦੇਣਾ ਪਵੇਗਾ ਨਾ ਕਿ 310 ਯੂਨਿਟ ਦਾ।