ਗਾਡਰਾਂ ਨਾਲ ਭਰੀ ਟਰਾਲੀ ’ਚ ਪਿਕਅੱਪ ਗੱਡੀ ਵੱਜਣ ਕਾਰਨ ਵਾਪਰਿਆ ਵੱਡਾ ਹਾਦਸਾ, 1 ਮੌਤ - ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ
ਬਠਿੰਡਾ: ਸੂਬੇ ਵਿੱਚ ਸੜਕ ਦੁਰਘਟਨਾਵਾਂ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਬਠਿੰਡਾ ਸ੍ਰੀਗੰਗਾਨਗਰ ਨੈਸ਼ਨਲ ਹਾਈਵੇ ’ਤੇ ਦੇਰ ਸ਼ਾਮ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਰਾ ਜਨਸੇਵਾ ਦੇ ਕੰਟਰੋਲ ਰੂਮ ’ਤੇ ਇਕ ਸੂਚਨਾ ਮਿਲੀ ਸੀ ਕਿ ਸ੍ਰੀਗੰਗਾਨਗਰ ਬਠਿੰਡਾ ਨੈਸ਼ਨਲ ਹਾਈਵੇ ’ਤੇ ਗਾਡਰਾਂ ਨਾਲ ਭਰੀ ਟਰਾਲੀ ਅਤੇ ਪਿਕਅੱਪ ਗੱਡੀ ਸੜਕ ਦੁਰਘਟਨਾ ਦੀ ਸ਼ਿਕਾਰ ਹੋ ਗਈ ਹੈ। ਮੌਕੇ ’ਤੇ ਪਹੁੰਚੇ ਸਹਾਰਾ ਵਰਕਰਾਂ ਵੱਲੋਂ ਦੋ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਇੱਕ ਵਿਅਕਤੀ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਸਹਾਰਾ ਜਨਸੇਵਾ ਵਰਕਰਾਂ ਨੇ ਦੱਸਿਆ ਕਿ ਗਾਡਰ ਨਾਲ ਭਰੀ ਟਰਾਲੀ ਦੇ ਪਿੱਛੇ ਪਿਕਅੱਪ ਗੱਡੀ ਵੱਜਣ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਧਰ ਹਸਪਤਾਲ ਵਿਚਲੇ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਹਾਰਾ ਜਨਸੇਵਾ ਦੇ ਵਰਕਰਾਂ ਵੱਲੋਂ ਇਲਾਜ ਲਈ ਦੋ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ ਜਿੰਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ।