ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈਕੇ ਚੰਡੀਗੜ੍ਹ ’ਚ ਧਰਨੇ ਦਾ ਐਲਾਨ - protest on May 17 in Chandigarh against their demands
ਸ੍ਰੀ ਫਤਿਹਗੜ੍ਹ ਸਾਹਿਬ: ਆਪਣੀਆਂ ਮੰਗਾ ਨੂੰ ਲੈਕੇ 17 ਮਈ ਨੂੰ 23 ਕਿਸਾਨ ਜਥੇਬੰਦੀਆਂ ਸਾਂਝੇ ਤੌਰ ’ਤੇ ਚੰਡੀਗੜ੍ਹ ਵਿਖੇ ਵੱਡੇ ਪੱਧਰ ’ਤੇ ਧਰਨਾ ਪ੍ਰਦਰਸ਼ਨ ਕਰਨ ਜਾ ਰਹੀਆਂ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਡੱਲੇਵਾਲ ਇਸ ਧਰਨੇ ਸਬੰਧੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਬੁਲਾਈ ਮੀਟਿੰਗ ਦੀ ਅਗਵਾਈ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਉਨ੍ਹਾਂ ਨੂੰ ਫਸਲਾਂ ਦਾ ਘੱਟ ਝਾੜ ਨਿਕਲਣ ਅਤੇ ਮੁਆਵਜ਼ਾ ਬੋਨਸ ਨਾ ਦੇਣ ਸਬੰਧੀ, ਭਾਖੜਾ ਮੈਨੇਜਮੈਂਟ ਬੋਰਡ ਤੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰਨਾ, ਬਿਜਲੀ ਦੀ ਸਮੱਸਿਆ,ਫਸਲਾਂ ਉੱਤੇ ਐਮਐਸਪੀ ਦੇਣਾ,ਛੋਟੇ ਕਿਸਾਨਾਂ ਤੋਂ ਸਰਕਾਰੀ ਜ਼ਮੀਨਾਂ ਖੋਹ ਕੇ ਵੱਡੇ ਕਾਰੋਬਾਰੀਆਂ ਨੂੰ ਦੇਣਾ ਬੰਦ ਕਰਨ ਅਤੇ ਆਮ ਜਨਤਾ ਤੋਂ ਦੋਹਰਾ ਰੋਡ ਟੈਕਸ ਲੈਕੇ ਦੋਹਰੀ ਮਾਰ ਨੂੰ ਬੰਦ ਕਰਨਾ ਸਾਡਾ ਮਕਸਦ ਹੈ। ਕਿਸਾਨ ਆਗੂ ਨੇ ਕਿਹਾ ਕਿ ਅਜਿਹੀਆਂ ਹੋਰ ਸਮੱਸਿਆਵਾਂ ਨੂੰ ਲੈ ਕੇ 17 ਤਰੀਕ ਤੋਂ 23 ਕਿਸਾਨ ਜਥੇਬੰਦੀਆਂ ਚੰਡੀਗੜ੍ਹ ਵਿਖੇ ਧਰਨਾ ਸ਼ੁਰੂ ਕਰਨਗੀਆਂ।