ਨੌਜਵਾਨਾਂ ਨੇ ਪੀਐਮ ਮੋਦੀ ਨੂੰ ਖ਼ੂਨ ਨਾਲ ਚਿੱਠੀ ਲਿਖ ਕੇ ਕੀਤਾ ਖੇਤੀ ਕਾਨੂੰਨਾਂ ਦਾ ਵਿਰੋਧ - ਖ਼ੂਨਦਾਨ ਕੈਂਪ
ਅੰਮ੍ਰਿਤਸਰ:ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਿਥੇ ਕਿਸਾਨ ਦਿੱਲੀ ਧਰਨੇ 'ਚ ਡੱਟੇ ਹੋਏ ਹਨ, ਉਥੇ ਹੀ ਪੰਜਾਬ 'ਚ ਵੀ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਹੈ। ਇਸੇ ਕੜੀ 'ਚ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਬਾਬਾ ਦੀਪ ਸਿੰਘ ਲੋਕ ਸੇਵਾ ਸੁਸਾਇਟੀ ਵੱਲੋਂ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ। ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਦੇ ਬਾਹਰ ਲਾਏ ਗਏ ਇਸ ਖ਼ੂਨਦਾਨ ਕੈਂਪ 'ਚ 300 ਤੋਂ ਵੱਧ ਨੌਜਵਾਨਾਂ ਨੇ ਖ਼ੂਨਦਾਨ ਕੀਤਾ। ਨੌਜਵਾਨਾਂ ਨੇ ਪੀਐਮ ਮੋਦੀ ਨੂੰ ਖ਼ੂਨ ਨਾਲ ਚਿੱਠੀ ਲਿਖ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਨੌਜਵਾਨਾਂ ਨੇ ਕਿਹਾ ਕਿ ਬੇਹਦ ਕੜਾਕੇ ਦੀ ਠੰਢ ਪੈਣ ਦੇ ਬਾਵਜੂਦ ਕਿਸਾਨ, ਬਜ਼ੁਰਗ, ਔਰਤਾਂ ਤੇ ਬੱਚੇ ਕਿਸਾਨ ਅੰਦੋਲਨ 'ਚ ਡੱਟੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪਾਸੇ ਕੀਤੇ ਖੇਤੀ ਕਾਨੂੰਨ ਕਿਸਾਨਾਂ ਤੇ ਲੋਕ ਵਿਰੋਧੀ ਹਨ, ਜਦੋਂ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਮੋਦੀ ਸਰਕਾਰ ਨੂੰ ਕਠੋਰ ਦਿਲ ਨਾ ਬਣ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।