ਨੌਜਵਾਨਾਂ ਨੇ ਸਾਈਕਲਿੰਗ ਰਾਹੀਂ ਵਾਤਾਵਰਣ ਬਚਾਉਣ ਲਈ ਲੋਕਾਂ ਨੂੰ ਕੀਤਾ ਜਾਗਰੂਕ - ਵਾਤਾਵਰਣ
ਸੰਗਰੂਰ :ਅੱਜ ਵਿਸ਼ਵ ਭਰ 'ਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ। ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ ਤੇ ਵਿਸ਼ਵ ਭਰ ਵਿੱਚ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਸਾਨੂੰ ਹਰ ਸਥਿਤੀ ਵਿੱਚ ਵਾਤਾਵਰਣ ਦੀ ਰਾਖੀ ਕਰਨੀ ਚਾਹੀਦੀ ਹੈ। ਇਸੇ ਕੜੀ 'ਚ ਸੰਗਰੂਰ ਦੀ ਸਹਾਰਾ ਫਾਊਂਡੇਸ਼ਨ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਸਹਾਰਾ ਫਾਊਂਡੇਸ਼ਨ ਦੇ ਮੈਂਬਰਾਂ ਨੇ ਸਾਈਕਲ ਚਲਾ ਕੇ ਲੋਕਾਂ ਨੂੰ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਦੀ ਅਪੀਲ ਕੀਤੀ। ਫਾਊਂਡੇਸ਼ਨ ਦੇ ਮੈਂਬਰਾਂ ਨੇ ਆਖਿਆ ਕਿ ਸਾਈਕਲ ਚਲਾ ਕੇ ਜਿਥੇ ਇੱਕ ਪਾਸੇ ਅਸੀਂ ਸਿਹਤਮੰਦ ਰਹਿ ਸਕਦੇ ਹਾਂ, ਉਥੇ ਦੂਜੇ ਪਾਸੇ ਅਸੀਂ ਪੈਟਰੋਲ ਤੇ ਡੀਜ਼ਲ ਦੀ ਬਚਤ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਵੀ ਰੱਖ ਸਕਦੇ ਹਾਂ। ਉਨ੍ਹਾਂ ਆਖਿਆ ਕਿ ਲੌਕਡਾਊਨ ਦੇ ਦੌਰਾਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋਣ ਦੇ ਚਲਦੇ ਵਾਤਾਵਰਣ ਸਾਫ਼ ਹੋ ਗਿਆ ਹੈ। ਇਸ ਨਾਲ ਸਾਨੂੰ ਇਹ ਸੰਦੇਸ਼ ਮਿਲਦਾ ਹੈ ਕਿ ਮਨੁੱਖ ਨੂੰ ਸਿਹਤਯਾਬ ਰਹਿਣ ਲਈ ਕੁਦਰਤ ਨਾਲ ਹੋ ਰਹੀ ਕੁਦਰਤ ਨਾਲ ਛੇੜਛਾੜ ਨੂੰ ਰੋਕਣ ਪਵੇਗਾ ਤੇ ਵਾਤਾਵਰਣ ਪ੍ਰਦੂਸ਼ਣ ਮੁਕਤ ਰੱਖਣਾ ਪਵੇਗਾ।