ਯੂਥ ਕਾਂਗਰਸੀਆਂ ਨੇ ਐੱਸਐੱਚਓ ਦੀ ਗੱਡੀ ਘੇਰ ਕੀਤਾ ਧਰਨਾ ਪ੍ਰਦਰਸ਼ਨ - ਯੂਥ ਕਾਂਗਰਸੀ ਆਗੂ
ਜਲੰਧਰ: ਟੈਗੋਰ ਨਗਰ ਵਿੱਚ ਇੱਕ ਕਾਰ ਉੱਤੇ ਰੇਡ ਕਰਨ ਪਹੁੰਚੇ ਥਾਣਾ 5 ਦੇ ਐਸਐਚਓ ਰਵਿੰਦਰ ਕੁਮਾਰ ਦਾ ਯੂਥ ਕਾਂਗਰਸੀ ਆਗੂ ਨੇ ਘਿਰਾਓ ਕਰ ਲਿਆ। ਉਨ੍ਹਾਂ ਨੇ ਐਸਐਚਓ ਦੀ ਗੱਡੀ ਘੇਰ ਲਈ ਅਤੇ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਕਰਨ ਦਾ ਦੋਸ਼ ਲਾ ਕੇ ਧਰਨੇ 'ਤੇ ਬੈਠ ਗਏ। ਇਸ ਤੋਂ ਬਾਅਦ ਏਸੀਪੀ ਵੈਸਟ ਬਲਜਿੰਦਰ ਸਿੰਘ ਮੌਕੇ 'ਤੇ ਪਹੁੰਚੇ। ਫਿਲਹਾਲ ਕਾਂਗਰਸੀ ਅਤੇ ਪੁਲਿਸ ਦੇ ਵਿੱਚ ਗੱਲਬਾਤ ਚੱਲ ਰਹੀ ਹੈ। ਕਾਂਗਰਸੀ ਆਗੂ ਜਗਦੀਪ ਸਿੰਘ ਸੋਨੂੰ ਨੇ ਦੱਸਿਆ ਕਿ ਯੂਥ ਕਾਂਗਰਸੀ ਆਗੂ ਹਰਮੀਤ ਸਿੰਘ ਟੈਗੋਰ ਨਗਰ 'ਚ ਰਹਿੰਦੇ ਹਨ। ਬੀਤੇ ਕਲ੍ਹ ਇੱਕ ਸ਼ਿਵ ਸੈਨਾ ਨੇਤਾ ਦੇ ਨਾਲ ਉਨ੍ਹਾਂ ਦਾ ਮਾਮੂਲੀ ਝਗੜਾ ਹੋ ਗਿਆ ਸੀ। ਉੱਕਤ ਨੇਤਾ ਨੇ ਹਰਮੀਤ 'ਤੇ ਪਿਸਤੌਲ ਤਾਨ ਦਿੱਤੀ। ਇਸ ਬਾਰੇ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਥੇ ਹੀ ਦੂਜੀ ਪਾਰਟੀ ਨੂੰ ਮਾਮੂਲੀ ਸੱਟਾ ਲੱਗੀਆਂ ਤਾਂ ਐਸਐਚਓ ਕਾਂਗਰਸੀ ਨੇਤਾ ਹਰਮੀਤ ਦੇ ਘਰ ਉਸ ਨੂੰ ਫੜ੍ਹਨ ਦੇ ਲਈ ਪੁੱਜੇ। ਇਸ ਦੇ ਚਲਦੇ ਉਨ੍ਹਾਂ ਨੇ ਐਸਐਚਓ ਦੀ ਗੱਡੀ ਦਾ ਘਿਰਾਓ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਐਸਐਚਓ ਦਾ ਇਸ ਤਰ੍ਹਾਂ ਦਾ ਰਵੱਈਆ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।