ਕਿਸਾਨ ਅੰਦੋਲਨ 'ਚ ਸ਼ਮੂਲੀਅਤ ਲਈ ਲਹਿਰਾਗਾਗਾ ਤੋਂ ਦਿੱਲੀ ਰਵਾਨਾ ਹੋਇਆ ਪੈਦਲ ਜੱਥਾ - ਦਿੱਲੀ ਰਵਾਨਾ ਹੋਇਆ ਪੈਦਲ ਜੱਥਾ
ਸੰਗਰੂਰ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ 'ਚ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨਾਂ ਦੀ ਹਮਾਇਤ ਕਰਨ ਲਈ ਸੰਗਰੂਰ ਦੇ ਪਿੰਡ ਘੋੜੇਨਾਬ ਤੋਂ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਨ ਲਈ ਨੌਜਵਾਨਾਂ ਦਾ ਪੈਦਲ ਜੱਥਾ ਦਿੱਲੀ ਰਵਾਨਾ ਹੋਇਆ। ਇਸ ਜੱਥੇ 'ਚ ਨੌਜਵਾਨ ਤੇ ਕਿਸਾਨ ਸ਼ਾਮਲ ਹਨ। ਜੱਥੇ 'ਚ ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੇ ਹਨ। ਇਸ ਲਈ ਉਹ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕੇਂਦਰ ਸਰਕਾਰ 'ਤੇ ਦਬਾਅ ਪਵੇਗਾ ਤੇ ਉਹ ਜਲਦ ਹੀ ਖੇਤੀ ਕਾਨੂੰਨ ਰੱਦ ਕਰ ਦਵੇਗੀ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ। ਕਿਉਂਕਿ ਇਹ ਖੇਤੀ ਕਾਨੂੰਨ ਮਹਿਜ਼ ਕਿਸਾਨ ਮਾਰੂ ਹੀ ਨਹੀਂ ਸਗੋਂ ਲੋਕ ਮਾਰੂ ਸਾਬਿਤ ਹੋਣਗੇ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਕੋਲੋਂ ਜਲਦ ਤੋਂ ਜਲਦ ਇਹ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ।