ਕਈ ਸਾਲਾਂ ਤੋਂ ਟੁੱਟੀ ਸੜਕ ਬਣਾਉਣ ਦਾ ਕੰਮ ਸ਼ੁਰੂ - ਜਲੰਧਰ 'ਚ ਸੜਕਾਂ ਦਾ ਨਿਰਮਾਣ
ਜਲੰਧਰ: ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖ਼ਸਤਾ ਹੋਈ ਪਈ ਹੈ। ਤਾਲਾਬੰਦੀ ਦੌਰਾਨ ਸੜਕ ਨਿਰਮਾਣ ਦਾ ਕੰਮ ਬੰਦ ਹੋ ਗਿਆ ਸੀ ਅਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢਿੱਲ ਦੇ ਦਿੱਤੀ ਗਈ ਹੈ ਅਤੇ ਨਗਰ ਨਿਗਮ ਨੇ ਅੱਜ ਸੜਕ ਨਿਰਮਾਣ ਦਾ ਉਦਘਾਟਨ ਕੀਤਾ ਹੈ। ਜਲੰਧਰ ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਉਨ੍ਹਾਂ ਅੱਜ ਪੀਏਪੀ ਚੌਕ ਤੋਂ ਲੈ ਕੇ ਬੀਐਸਐਫ ਚੌਕ ਤੱਕ ਸੜਕ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਹੈ ਜੋ ਕਿ ਸ਼ਹਿਰ ਦਾ ਐਂਟਰੀ ਪੁਆਇੰਟ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਚ 56 ਲੱਖ 41ਹਜ਼ਾਰ ਰੁਪਏ ਦਾ ਖ਼ਰਚ ਆਵੇਗਾ ਤੇ ਬਰਸਾਤ ਤੋਂ ਪਹਿਲਾਂ-ਪਹਿਲਾਂ ਸ਼ਹਿਰ ਦੀਆਂ ਸਭ ਸੜਕਾਂ ਨੂੰ ਮੁੱਖ ਤੌਰ ਉੱਤੇ ਤਿਆਰ ਕਰ ਦਿੱਤਾ ਜਾਵੇਗਾ। ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੜਕ ਸਭ ਤੋਂ ਖਸਤਾ ਹਾਲਤ ਵਿੱਚ ਮਿਲੀ ਸੀ ਜੋ ਕਿ ਸ਼ਹਿਰ ਦੀ ਮੁੱਖ ਐਂਟਰੀ ਪੁਆਇੰਟ ਸੜਕ ਹੈ। ਇਸ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ।