ਖੰਨਾ: ਬਦਮਾਸ਼ਾਂ ਦੇ ਹੌਸਲੇ ਬੁਲੰਦ, ਘਰ 'ਚ ਦਾਖ਼ਲ ਹੋ ਕੇ ਔਰਤ ਦਾ ਕਤਲ - ਖੰਨਾ ਦੇ ਪਿੰਡ ਭਮੱਦੀ
ਜ਼ਿਲ੍ਹਾ ਖੰਨਾਂ ਦੇ ਇਲਾਕੇ ਵਿੱਚ ਤਿੰਨ ਦਿਨਾਂ 'ਚ ਤੀਜਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਹਿਲਾਂ ਕਤਲ ਸਮਰਾਲਾ, ਦੂਜਾ ਖੰਨਾ ਸ਼ਹਿਰ ਅਤੇ ਸ਼ਨੀਵਾਰ ਨੂੰ ਤੀਜਾ ਕਤਲ ਖੰਨਾ ਦੇ ਪਿੰਡ ਭਮੱਦੀ ਵਿੱਚ ਹੋਇਆ ਹੈ। ਖੰਨਾ ਤੋਂ ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ ਸਵੇਰੇ 6 ਵਜੇ ਦੇ ਕਰੀਬ ਭਮੱਦੀ ਵਿੱਚ 2 ਹਮਲਾਵਰਾਂ ਨੇ ਇੱਕ ਔਰਤ ਨੂੰ ਗੋਲੀ ਮਾਰਕੇ ਉਸ ਦਾ ਕਤਲ ਕਰ ਦਿੱਤਾ। ਘਰ ਵਿੱਚ ਮੌਜੂਦ ਔਰਤ ਦੀ ਧੀ ਰੌਲਾ ਪਾਉਂਦੀ ਹੋਏ ਬਾਹਰ ਪਹੁੰਚੀ, ਤਾਂ ਉਸ ਨੂੰ ਬਚਾਉਣ ਆਏ ਗੁਆਂਢੀ ਨੂੰ ਵੀ ਹਮਲਾਵਰ ਨੇ ਗੋਲੀ ਮਾਰ ਦਿੱਤੀ। ਇਸ ਦੌਰਾਨ ਔਰਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦਕਿ ਗੁਆਂਢੀ ਦਾ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ, ਜਿਸ ਨੂੰ ਚੰਡੀਗੜ੍ਹ ਲੈ ਜਾਇਆ ਗਿਆ ਹੈ। ਵਾਰਦਾਤ ਦਾ ਰੌਲਾ ਪੈਣ 'ਤੇ ਮੌਕੇ ਉੱਤੇ ਪੁੱਜੇ ਲੋਕਾਂ ਨੇ ਇੱਕ ਹਮਲਾਵਰ ਨੂੰ ਫੜ ਲਿਆ ਜਿਸ ਕੋਲੋਂ ਰਿਵਾਲਵਰ ਵੀ ਬਰਾਮਦ ਹੋਈ। ਪਿੰਡ ਵਾਸੀਆਂ ਨੇ ਉਸ ਨਾਲ ਜੰਮ ਕੇ ਕੁੱਟਮਾਰ ਕੀਤੀ ਤੇ ਅੱਧਮਰਿਆ ਕਰ ਦਿੱਤਾ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਦਕਿ, ਦੂਜਾ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।