ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ - ਲਹਿਰਾਗਾਗਾ ਕਾਲਾ ਸਿੰਘ ਕਤਲ ਮਾਮਲਾ
ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਚੁਲੜ ਕਲਾਂ ਵਿਖੇ ਅਨਸੂਚਿਤ ਜਾਤੀ ਨਾਲ ਸਬੰਧਤ ਇੱਕ ਵਿਅਕਤੀ ਕਾਲਾ ਸਿੰਘ ਦੇ ਕਤਲ ਮਾਮਲੇ ਨੂੰ ਸੁਲਝਾਉਣ 'ਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਬੀਤੇ ਦਿਨੀਂ ਪਿੰਡ ਚੁਲੜ ਕਲਾਂ ਵਿਖੇ ਕਾਲਾ ਸਿੰਘ ਨਾਂਅ ਦੇ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ। ਇਸ 'ਚ ਮ੍ਰਿਤਕ ਦੀ ਪਤਨੀ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਇਸ ਬਾਰੇ ਦੱਸਦੇ ਹੋਏ ਜਾਂਚ ਅਧਿਕਾਰੀ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਪੁਲਿਸ ਨੂੰ ਮ੍ਰਿਤਕ ਦੀ ਪਤਨੀ ਉੱਤੇ ਸ਼ੱਕ ਹੋਇਆ। ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਮ੍ਰਿਤਕ ਕਾਲਾ ਸਿੰਘ ਦੇ ਪਤਨੀ ਨੇ ਆਪਣਾ ਅਪਰਾਧ ਕਬੂਲ ਕਰਦਿਆਂ ਦੱਸਿਆ ਕਿ ਉਸ ਦੇ ਪਿੰਡ ਦੇ ਹੀ ਇੱਕ ਵਿਅਕਤੀ ਪਵਨ ਸਿੰਘ ਨਾਲ ਪ੍ਰੇਮ ਸਬੰਧ ਸਨ ਅਤੇ ਉਸ ਦਾ ਪਤੀ ਕਾਲਾ ਸਿੰਘ ਉਸ ਦੇ ਪ੍ਰੇਮ ਸਬੰਧਾਂ 'ਚ ਰੁਕਾਵਟ ਬਣ ਰਿਹਾ ਸੀ। ਇਸ ਦੇ ਚਲਦਿਆਂ ਉਸ ਨੇ ਪ੍ਰੇਮੀ ਨਾਲ ਮਿਲ ਕੇ 22 ਨਵੰਬਰ ਨੂੰ ਕਾਲਾ ਸਿੰਘ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਨੂੰ ਪਿੰਡ ਸਿਧਾਣੀ ਨੇੜੇ ਭਾਖੜਾ ਨਹਿਰ 'ਚ ਸੁੱਟ ਦਿੱਤਾ। 25 ਨਵੰਬਰ ਨੂੰ ਉਸ ਨੇ ਪਤੀ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਾਈ ਅਤੇ 27 ਨਵੰਬਰ ਨੂੰ ਪੁਲਿਸ ਨੇ ਮ੍ਰਿਤਕ ਦੀ ਲਾਸ਼ ਚੰਦਪੁਰਾ-ਬਬਨਪੁਰ ਨਹਿਰ ਤੋਂ ਮਿਲੀ। ਪੁਲਿਸ ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।