ਦਿੱਲੀ ਮੋਰਚਾ ਫਤਿਹ ਕਰਕੇ ਪਰਤੇ ਕਿਸਾਨਾਂ ਦਾ ਭਰਵਾਂ ਸੁਆਗਤ - ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ
ਤਰਨਤਾਰਨ: ਬੀਤੇ ਦਿਨੀਂ ਮੰਗਾਂ ਪੂਰੀਆਂ ਹੋਣ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨੇ ਕਾਨੂੰਨ ਵਾਪਸ ਲੈਣ ਉਪਰੰਤ ਕਿਸਾਨ ਮਜਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਦੇ ਆਗੂਆਂ ਦਾ ਪੰਜਾਬ ਪਰਤਣ ਸਮੇਂ ਆਮ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਿਸਾਨੀ ਮੋਰਚੇ ਦੇ ਸੰਘਰਸ਼ੀ ਕਿਸਾਨਾਂ ਦਾ ਖਡੂਰ ਸਾਹਿਬ ਦੇ ਮੇਨ ਬਜਾਰ ਵਿੱਚ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਖੁਸ਼ੀ ਵਿੱਚ ਖੀਵੇ ਹੋਏ ਨੌਜਵਾਨ ਕਿਸਾਨਾਂ ਵੱਲੋਂ ਆਤਿਸ਼ਬਾਜੀ ਚਲਾਈ ਗਈ। ਕਿਸਾਨਾਂ ਦੇ ਸੁਆਗਤ ਦੇ ਲਈ ਕਿਸਾਨ ਮਹਿਲਾਵਾਂ ਵੀ ਸਵਾਗਤ ਲਈ ਵੱਡੇ ਪੱਧਰ ’ਤੇ ਪੁੱਜੀਆਂ ਹੋਈਆਂ ਸਨ। ਕਿਸਾਨ ਆਗੂ ਹਰਬਿੰਦਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਦਿੱਲੀ ਤੋਂ ਪਰਤੇ ਕਿਸਾਨ ਮਜ਼ਦੂਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਖਡੂਰ ਸਾਹਿਬ ਵਿਖੇ ਨਤਮਸਤਕ ਹੋਏ ਜਿਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।